ਬੰਬੀਹਾ ਗਰੋਹ ਦੇ ਦੋ ਸ਼ੂਟਰ ਗ੍ਰਿਫ਼ਤਾਰ
ਨਵੀਂ ਦਿੱਲੀ, 29 ਅਕਤੂਬਰ
ਦਿੱਲੀ ਵਿੱਚ ਇਕ ਵਪਾਰੀ ਦੇ ਘਰ ’ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿਚ ਲੋੜੀਂਦੇ ਬੰਬੀਹਾ ਗਰੋਹ ਦੇ ਦੋ ਸ਼ਾਰਪ ਸ਼ੂਟਰਾਂ ਨੂੰ ਪੁਲੀਸ ਨੇ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਉੱਤਰੀ ਦਿੱਲੀ ਦੇ ਰਾਣੀ ਬਾਗ ’ਚ ਇਕ ਵਪਾਰੀ ਦੇ ਘਰ ’ਤੇ ਗੋਲੀਬਾਰੀ ਕੀਤੀ ਸੀ।
ਪੁਲੀਸ ਮੁਤਾਬਕ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਰਹਿਣ ਵਾਲੇ ਬਿਲਾਲ ਅੰਸਾਰੀ (22) ਅਤੇ ਸ਼ੋਇਬ (21) ਨੂੰ ਮੰਗਲਵਾਰ ਸਵੇਰੇ ਇਕ ਆਪਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ ਗਿਆ। ਡੀਸੀਪੀ (ਸਪੈਸ਼ਲ ਸੈੱਲ) ਪ੍ਰਣਬ ਤਾਇਲ ਨੇ ਦੱਸਿਆ ਕਿ 28 ਅਤੇ 29 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ੂਟਰ ਆਪਣੇ ਸਾਥੀਆਂ ਨੂੰ ਮਿਲਣ ਲਈ ਕਕਰੌਲਾ ਖੇਤਰ ਵਿੱਚ ਪੁੱਜਣਗੇ। ਉਨ੍ਹਾਂ ਦੱਸਿਆ ਕਿ ਨਜਫਗੜ੍ਹ ਨੂੰ ਜਾਂਦੇ ਕਕਰੌਲਾ ਡਰੇਨੇਜ ਰੋਡ ਨੇੜੇ ਨਾਕਾ ਲਾਇਆ ਹੋਇਆ ਸੀ ਅਤੇ ਕਰੀਬ 2.15 ਵਜੇ ਪੁਲੀਸ ਟੀਮ ਨੇ ਦੋ ਵਿਅਕਤੀਆਂ ਨੂੰ ਮੋਟਰਸਾਈਕਲ ’ਤੇ ਆਉਂਦੇ ਦੇਖਿਆ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਟੀਮ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਮੋਟਰਸਾਈਕਲ ਸਵਾਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਹੇਠ ਡਿੱਗ ਗਏ। ਇਸ ਮਗਰੋਂ ਜਦੋਂ ਟੀਮ ਨੇ ਉਨ੍ਹਾਂ ਨੂੰ ਘੇਰ ਲਿਆ ਤਾਂ ਉਨ੍ਹਾਂ ਨੇ ਆਪਣੀ ਪਿਸਤੌਲ ਨਾਲ ਪੁਲੀਸ ’ਤੇ ਗੋਲੀਬਾਰੀ ਕਰ ਦਿੱਤੀ। ਟੀਮ ਨੇ ਸਵੈ-ਰੱਖਿਆ ਵਿੱਚ ਗੋਲੀਆਂ ਚਲਾਈਆਂ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਸੱਜੀ ਲੱਤ ਵਿੱਚ ਗੋਲੀ ਲੱਗੀ। ਜ਼ਖਮੀ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਅੰਸਾਰੀ ਅਤੇ ਸ਼ੋਇਬ ਨੇ 26 ਅਕਤੂਬਰ ਦੀ ਰਾਤ ਕਰੀਬ 8.20 ਵਜੇ ਇੱਕ ਵਪਾਰੀ ਦੇ ਘਰ ਕਥਿਤ ਤੌਰ ’ਤੇ ਗੋਲੀਆਂ ਚਲਾਈਆਂ ਸਨ ਅਤੇ ਕੌਸ਼ਲ ਚੌਧਰੀ, ਪਵਨ ਸ਼ੌਕੀਨ ਅਤੇ ਬੰਬੀਹਾ ਗੈਂਗ ਦੇ ਨਾਮ ਵਾਲੀ ਪਰਚੀ ਛੱਡ ਦਿੱਤੀ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗ੍ਰਿਫ਼ਤਾਰੀ ਮਗਰੋਂ ਉਸ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ ਅਤੇ ਛੇ ਕਾਰਤੂਸ ਬਰਾਮਦ ਕੀਤੇ ਗਏ ਹਨ। -ਪੀਟੀਆਈ