ਆਰਟੀਏ ਦਫਤਰ ਦੇ ਦੋ ਮੁਲਾਜ਼ਮ ਰਿਸ਼ਵਤ ਲੈਂਦੇ ਗ੍ਰਿਫਤਾਰ
ਪਠਾਨਕੋਟ, 16 ਦਸੰਬਰ
ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਥੇ ਆਰਟੀਏ (ਰੋਡ ਟਰਾਂਸਪੋਰਟ ਅਥਾਰਟੀ) ਦਫਤਰ ਵਿੱਚ ਤਾਇਨਾਤ ਡੇਟਾ ਐਂਟਰੀ ਅਪਰੇਟਰ ਜਤਿੰਦਰ ਕੁਮਾਰ ਅਤੇ ਮੁਕੇਸ਼ ਨੂੰ 5500 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ। ਦੋਵਾਂ ਖ਼ਿਲਾਫ਼ ਪੁਲੀਸ ਸਟੇਸ਼ਨ, ਅੰਮ੍ਰਿਤਸਰ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਨੂੰ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਮਨਵਾਲ ਵਾਸੀ ਸੁਰਜੀਤ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਗਿਆ।
ਸ਼ਿਕਾਇਤਕਰਤਾ ਸੁਰਜੀਤ ਕੁਮਾਰ ਨੇ ਵਿਜੀਲੈਂਸ ਬਿਊਰੋ ਨਾਲ ਸੰਪਰਕ ਕੀਤਾ ਅਤੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਉਕਤ ਮੁਲਜ਼ਮਾਂ ਨੇ ਉਸ ਦੇ ਵਾਹਨ ਨੂੰ ਹਿਮਾਚਲ ਪ੍ਰਦੇਸ਼ ਨੰਬਰ ਤੋਂ ਪੰਜਾਬ ਰਾਜ ਪੰਜੀਕਰਨ ਨੰਬਰ ’ਤੇ ਟਰਾਂਸਫਰ ਕਰਨ ਲਈ 5500 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਬਾਅਦ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਉਕਤ ਦੋਨੋਂ ਮੁਲਜ਼ਮਾਂ ਨੂੰ ਅਧਿਕਾਰਕ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਸੁਰਜੀਤ ਕੁਮਾਰ ਕੋਲੋਂ 5500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ। ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।