ਝੀਲਾਂ ’ਚ ਡੁੱਬਣ ਕਾਰਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ
ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਇੱਥੋਂ ਸਵਾ ਕੁ ਸੌ ਕਿਲੋਮੀਟਰ ਪੂਰਬ ਵੱਲ ਸਥਿਤ ਕਲਟਸ ਲੇਕ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ (21) ਵਜੋਂ ਹੋਈ ਹੈ ਜੋ ਗੁਰਦਾਸਪੁਰ ਦੇ ਪਿੰਡ ਚੱਕ ਸ਼ਰੀਫ ਤੋਂ ਇੱਥੇ ਪੜ੍ਹਾਈ ਲਈ ਆਇਆ ਸੀ। ਸ਼ਨਿਚਰਵਾਰ ਨੂੰ ਘੁੰਮਣ-ਫਿਰਨ ਲਈ ਉਹ ਆਪਣੇ ਦੋਸਤਾਂ ਨਾਲ ਝੀਲ ’ਤੇ ਗਿਆ ਸੀ। ਇਸ ਦੌਰਾਨ ਉਹ ਅਚਾਨਕ ਡੂੰਘੇ ਪਾਣੀ ’ਚ ਚਲਾ ਗਿਆ ਤੇ ਉਸ ਦੇ ਪੈਰ ਨਾ ਲੱਗ ਸਕੇ। ਉਸ ਦਾ ਇੱਕ ਸਾਥੀ ਵੀ ਡੁੱਬ ਗਿਆ, ਪਰ ਤੈਰਨਾ ਜਾਣਨ ਵਾਲੇ ਉਸ ਦੇ ਸਾਥੀਆਂ ਨੇ ਉਸ ਨੂੰ ਬਚਾ ਲਿਆ। ਮਨਪ੍ਰੀਤ ਸਿੰਘ ਦੀ ਲਾਸ਼ ਲੱਭਣ ਲਈ ਗੋਤਾਖੋਰਾਂ ਨੂੰ ਕਾਫ਼ੀ ਸਮਾਂ ਲੱਗਾ। ਉਸ ਨੂੰ ਬਚਾਉਣ ਲਈ ਬਚਾਅ ਅਮਲਾ ਹੈਲੀਕਾਪਟਰ ਰਾਹੀਂ ਉਸ ਨੂੰ ਹਸਪਤਾਲ ਵੀ ਲੈ ਕੇ ਗਿਆ, ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ।
ਮਨਪ੍ਰੀਤ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ ਤੇ ਹੁਣ ਉਹ ਵਰਕ ਵੀਜ਼ੇ ’ਤੇ ਸੀ। ਥੋੜ੍ਹੇ ਦਨਿਾਂ ਤਕ ਉਹ ਬੀਸੀ ਛੱਡਕੇ ਵਨਿੀਪੈੱਗ ਜਾਣ ਦੀ ਤਿਆਰੀ ’ਚ ਸੀ। ਇਸੇ ਤਰ੍ਹਾਂ ਅਲਬਰਟਾ ਵਿੱਚ ਲੇਕ ਲੂਈਜ਼ ਝੀਲ ’ਚ ਵੀ ਇੱਕ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਵਿਦਿਆਰਥੀ ਵੀਜ਼ਾ ’ਤੇ ਗਿੱਦੜਬਾਹਾ ਨੇੜਲੇ ਇੱਕ ਪਿੰਡ ਤੋਂ ਕੈਨੇਡਾ ਆਇਆ ਸੀ। ਉਹ ਵੀਕਐਂਡ ਮਨਾਉਣ ਲਈ ਝੀਲ ’ਤੇ ਗਿਆ ਸੀ, ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਡੁੱਬ ਗਿਆ।