ਕੈਨੇਡਾ ’ਚ ਦਿਲ ਦੇ ਦੌਰੇ ਕਾਰਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ
ਜੈਸਮੀਨ ਭਾਰਦਵਾਜ
ਨਾਭਾ, 24 ਸਤੰਬਰ
ਕੈਨੇਡਾ ਦੇ ਕੈਲਗਰੀ ’ਚ ਰਹਿ ਰਹੇ ਭਾਦਸੋਂ ਦੇ ਵਸਨੀਕ ਗੁਰਵਿੰਦਰ ਸਿੰਘ (28) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਾਪਿਆਂ ਨੂੰ ਲੰਘੇ ਦਿਨ ਉਸ ਦੀ ਮੌਤ ਦੀ ਖ਼ਬਰ ਮਿਲੀ। ਗੁਰਵਿੰਦਰ ਸਿੰਘ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸੀ। ਹੋਮਗਾਰਡ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਦੋ ਸਾਲ ਪਹਿਲਾਂ ਆਪਣੀ ਨੂੰਹ ਨੂੰ ਅਤੇ ਪਿਛਲੇ ਸਾਲ ਨਵੰਬਰ ਮਹੀਨੇ ਆਪਣੇ ਪੁੱਤਰ ਗੁਰਵਿੰਦਰ ਸਿੰਘ ਨੂੰ ਕੈਨੇਡਾ ਭੇਜਿਆ ਸੀ। ਸੁਖਦੇਵ ਸਿੰਘ ਮੁਤਾਬਕ ਲੰਘੇ ਦਿਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੈਨੇਡਾ ’ਚ ਕੰਮ ਦੌਰਾਨ ਗੁਰਵਿੰਦਰ ਨੂੰ ਦਿਲ ਦਾ ਦੌਰਾ ਪਿਆ ਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਵਿਨੀਪੈਗ (ਸੁਰਿੰਦਰ ਮਾਵੀ):
ਕੁਝ ਮਹੀਨੇ ਕੈਨੇਡਾ ਪੁੱਜੇ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਗੁਰਜਿੰਦਰ ਸਿੰਘ ਸੰਧੂ ਮਾਰਚ ਮਹੀਨੇ ਕੈਨੇਡਾ ਆਇਆ ਸੀ ਤੇ ਉਹ ਡਿਲਿਵਰੀਮੈਨ ਵਜੋਂ ਕੰਮ ਕਰ ਰਿਹਾ ਸੀ। ਗੁਰਜਿੰਦਰ ਦੇ ਰਿਸ਼ਤੇਦਾਰਾਂ ਨੇ ਦੱਸਿਆ 21 ਸਤੰਬਰ ਨੂੰ ਜਦੋਂ ਉਹ ਸਾਰੇ ਪਰਿਵਾਰਕ ਮੈਂਬਰ ਬਾਹਰ ਗਏ ਤਾਂ ਉਹ ਅਚਾਨਕ ਜ਼ਮੀਨ ’ਤੇ ਡਿੱਗ ਪਿਆ ਅਤੇ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਣ ਲੱਗੀ। ਪੈਰਾ-ਮੈਡੀਕਲ ਕਰਮਚਾਰੀ ਉਸ ਨੂੰ ਬਚਾਉਣ ਲਈ ਇਲਾਜ ਦੇਣ ਪਹੁੰਚੇ ਪਰ ਗੁਰਜਿੰਦਰ ਦੀ ਮੌਤ ਹੋ ਗਈ। ਗੁਰਜਿੰਦਰ ਸਿੰਘ ਪਿੱਛੇ ਗਰਭਵਤੀ ਪਤਨੀ ਤੇ ਦੋ ਧੀਆਂ ਛੱਡ ਗਿਆ ਹੈ। ਵਿਨੀਪੈਗ ’ਚ ਰਹਿੰਦੀ ਮਨਕੀਰਤ ਕੌਰ ਵੱਲੋਂ ‘ਗੋ ਫੰਡ ਮੀ’ ਪੇਜ ਸਥਾਪਤ ਕਰਦਿਆਂ ਗੁਰਜਿੰਦਰ ਸਿੰਘ ਸੰਧੂ ਦੇ ਪਰਿਵਾਰ ਦੀ ਆਰਥਿਕ ਮਦਦ ਦੀ ਅਪੀਲ ਕੀਤੀ ਗਈ ਹੈ। ਗੁਰਜਿੰਦਰ ਸੰਧੂ ਦੇ ਸਾਥੀਆਂ ਨੇ ਦੱਸਿਆ ਕਿ ਉਹ ਬੇਹੱਦ ਨਿਮਰ ਸੁਭਾਅ ਦਾ ਮਾਲਕ ਸੀ। ਕੈਨੇਡਾ ਆਉਣ ਮਗਰੋਂ ਉਹ ਆਪਣੇ ਪਰਿਵਾਰ ਨੂੰ ਵੀ ਇੱਥੇ ਸੱਦਣ ਦੀ ਵਿਉਂਤਬੰਦੀ ਕਰ ਰਿਹਾ ਸੀ ਕਿ ਇਸ ਘਟਨਾ ’ਚ ਉਸ ਦੀ ਮੌਤ ਹੋ ਗਈ।