For the best experience, open
https://m.punjabitribuneonline.com
on your mobile browser.
Advertisement

ਡੀਨ ਦਫ਼ਤਰ ਅੱਗੇ ਧਰਨੇ ਵਿੱਚ ਦੋ ਪ੍ਰੋਫੈਸਰਾਂ ਦੀ ਸਿਹਤ ਵਿਗੜੀ

06:59 AM Jul 26, 2024 IST
ਡੀਨ ਦਫ਼ਤਰ ਅੱਗੇ ਧਰਨੇ ਵਿੱਚ ਦੋ ਪ੍ਰੋਫੈਸਰਾਂ ਦੀ ਸਿਹਤ ਵਿਗੜੀ
ਧਰਨੇ ’ਤੇ ਡਟੀਆਂ ਦੋ ਮਹਿਲਾ ਪ੍ਰਫੈਸਰਾਂ ਦੀ ਜਾਂਚ ਕਰਦੀ ਹੋਈ ਡਾਕਟਰਾਂ ਦੀ ਟੀਮ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 25 ਜੁਲਾਈ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੇਬਰਹੁੱਡ ਕੈਂਪਸ ਅਤੇ ਕਾਂਸਟੀਚੂਐਂਟ ਕਾਲਜਾਂ ਵਿੱਚ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ (ਗੈਸਟ ਫੈਕਲਟੀ) ਵੱਲੋਂ ਆਪਣੀਆਂ ਮੰਗਾਂ ਮੰਗਵਾਉਣ ਲਈ ਡੀਨ ਦਫ਼ਤਰ ਅੱਗੇ ਲਾਇਆ ਪੱਕਾ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਧਰਨੇ ਦੌਰਾਨ ਦੋ ਗਰਭਵਤੀ ਪ੍ਰੋਫੈਸਰਾਂ ਦੀ ਅਚਾਨਕ ਸਿਹਤ ਵਿਗੜ ਗਈ, ਜਿਨ੍ਹਾਂ ਦੀ ਯੂਨੀਵਰਸਿਟੀ ਡਿਸਪੈਂਸਰੀ ਦੇ ਡਾਕਟਰਾਂ ਵੱਲੋਂ ਜਾਂਚ ਕੀਤੀ ਗਈ।
ਡਾਕਟਰਾਂ ਨੇ ਦੋਵੇਂ ਪ੍ਰੋਫੈਸਰਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਪਰ ਇਨ੍ਹਾਂ ਸਹਾਇਕ ਪ੍ਰੋਫੈਸਰਾਂ ਵੱਲੋਂ ਆਪਣੀਆਂ ਮੰਗਾਂ ਨਾ ਮੰਨੇ ਜਾਣ ਤੱਕ ਧਰਨੇ ’ਤੇ ਡਟੇ ਰਹਿਣ ਦੀ ਗੱਲ ਆਖੀ ਗਈ। ਇਸ ਦੌਰਾਨ ਆਗੂਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਡੀਨ ਅਕਾਦਮਿਕ ਦੇ ਨਾਮ ਇਕ ਅਰਜ਼ੀ ਦਿੱਤੀ, ਜਿਸ ਵਿੱਚ ਕਿਹਾ ਗਿਆ ਕਿ ਜੇਕਰ ਇਨ੍ਹਾਂ ਮਹਿਲਾ ਪ੍ਰੋਫੈਸਰਾਂ ਨਾਲ ਕੋਈ ਵੀ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਡੀਨ ਅਤੇ ਬਾਕੀ ਯੂਨੀਵਰਸਿਟੀ ਅਥਾਰਿਟੀ ਦੀ ਹੋਵੇਗੀ। ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਲਗਾਏ ਉਪ ਕੁਲਪਤੀ ’ਤੇ ਚੰਡੀਗੜ੍ਹ ਸਕੱਤਰੇਤ ਵਿੱਚ ਮੀਟਿੰਗ ਦੇ ਕੇ ਮੁੱਕਰਨ ਦੇ ਦੋਸ਼ ਲਾਏ। ਇਸ ਦੌਰਾਨ ਅਧਿਆਪਕਾਂ ਨੇ ਕਿਹਾ ਕਿ ਉਪ ਕੁਲਪਤੀ ਅਤੇ ਸਰਕਾਰ ਸੱਤਾ ਦੇ ਨਸ਼ੇ ਵਿੱਚ 250 ਘਰਾਂ ਦੀ ਰੋਟੀ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਇਹ ਆਪਣੇ ਨਾਲ ਦੇ ਕੁਝ ਪ੍ਰੋਫੈਸਰਾਂ ਨੂੰ ਖ਼ੁਸ਼ ਕਰਨ ਲਈ ਨਵੀਂ ਭਰਤੀ ਕਰਨਾ ਚਾਹੁੰਦੇ ਹਨ।
ਆਗੂਆਂ ਨੇ ਮੰਗਾਂ ਨਾ ਮੰਨੇ ਜਾਣ ਤੱਕ ਧਰਨਾ ਜਾਰੀ ਰੱਖਣ ਦੀ ਗੱਲ ਕੀਤੀ ਗਈ। ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ (ਪੁਕਟਾ) ਵੱਲੋਂ ਵੀ ਇਸ ਧਰਨੇ ਦੀ ਡਟ ਕੇ ਹਮਾਇਤ ਕੀਤੀ ਗਈ ਹੈ। ਇਸ ਮੌਕੇ ਡਾ. ਰਵੀਦਿੱਤ ਸਿੰਘ, ਸੁਖਦੀਪ ਸਿੰਘ, ਡਾ. ਗੁਰਸੇਵਕ ਸਿੰਘ, ਡਾ. ਬਲਵਿੰਦਰ ਸਿੰਘ ਅਤੇ ਡਾ. ਰਮਨਦੀਪ ਕੌਰ ਸਮੇਤ ਵੱਡੀ ਗਿਣਤੀ ਪ੍ਰੋਫੈਸਰ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement