ਪੰਜਾਬ ਦੇ ਦੋ ਪ੍ਰੋਫੈਸਰ ਰਿਸ਼ਵਤ ਲੈਣ ਦੇ ਦੋਸ਼ ਹੇਠ ਹਿਮਾਚਲ ’ਚ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਧਰਮਸ਼ਾਲਾ, 12 ਅਗਸਤ
ਵਿਜੀਲੈਂਸ ਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਵੱਲੋਂ ਬੀਤੇ ਦਿਨ ਇੱਥੇ ਪੰਜਾਬ ਨਾਲ ਸਬੰਧਤ ਦੋ ਪ੍ਰੋਫੈਸਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਪ੍ਰੋਫੈਸਰ ਭਾਰਤੀ ਫਾਰਮੇਸੀ ਕੌਂਸਲ ਦੇ ਆਧਾਰ ’ਤੇ ਕਾਂਗੜਾ ਜ਼ਿਲ੍ਹੇ ਵਿਚਲੇ ਫਾਰਮੇਸੀ ਕਾਲਜਾਂ ਦਾ ਮੁਲਾਂਕਣ ਕਰਨ ਲਈ ਆਏ ਸਨ।
ਵਿਜੀਲੈਂਸ ਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੇ ਐੱਸਪੀ ਬਲਬੀਰ ਠਾਕੁਰ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਐਤਵਾਰ ਨੂੰ ਪੰਜਾਬ ਨੰਬਰ ਦੀ ਇਕ ਕਰੇਟਾ ਕਾਰ ਨੂੰ ਧਰਮਸ਼ਾਲਾ ਦੇ ਰੱਕੜ ਇਲਾਕੇ ਵਿੱਚ ਰੋਕਿਆ। ਇਸ ਦੌਰਾਨ ਗੱਡੀ ਵਿੱਚ ਸਵਾਰ ਪੰਜਾਬ ਦੀਆਂ ਦੋ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰਾਂ ਵਜੋਂ ਤਾਇਨਾਤ ਰਾਕੇਸ਼ ਚਾਵਲਾ ਤੇ ਪੁਨੀਤ ਕੁਮਾਰ ਨਾਮ ਦੇ ਦੋ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਉਨ੍ਹਾਂ ਕੋਲੋਂ 3.5 ਲੱਖ ਰੁਪਏ ਬਰਾਮਦ ਕੀਤੇ ਗਏ। ਇਸ ਰਕਮ ਦਾ ਉਹ ਕੋਈ ਹਿਸਾਬ ਜਾਂ ਵੇਰਵਾ ਨਹੀਂ ਦੇ ਸਕੇ। ਇਨ੍ਹਾਂ ਦੋਹਾਂ ਨੇ ਭਾਰਤੀ ਫਾਰਮੇਸੀ ਕੌਂਸਲ ਵੱਲੋਂ ਸੌਂਪੇ ਗਏ ਕੰਮ ਵਜੋਂ ਹਾਲ ਹੀ ਵਿੱਚ ਪਾਲਮਪੁਰ ’ਚ ਸਥਿਤ ਯੂਨੀਵਰਸਿਟੀ ਇੰਸਟੀਚਿਊਟ ਆਫ ਫਾਰਮਾਸਿਊਟਿਕਲ ਐਜੂਕੇਸ਼ਨ ਐਂਡ ਰਿਸਰਚ ਦਾ ਨਿਰੀਖਣ ਕੀਤਾ ਸੀ। ਉਨ੍ਹਾਂ ਕਿਹਾ ਕਿ ਸ਼ੱਕ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਸੰਸਥਾ ਤੋਂ ਗੈਰ-ਕਾਨੂੰਨੀ ਤੌਰ ’ਤੇ ਲਾਭ ਲਏ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਮੁਲਜ਼ਮਾਂ ਖ਼ਿਲਾਫ਼ ਧਰਮਸ਼ਾਲਾ ਵਿੱਚ ਸਥਿਤ ਸਟੇਟ ਵਿਜੀਲੈਂਸ ਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਪੁਲੀਸ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 (2018 ਵਿੱਚ ਸੋਧੇ) ਦੀ ਧਾਰਾ 13(2) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਦੋਹਾਂ ਨੂੰ ਐਤਵਾਰ ਸ਼ਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਜਾਂਚ ਜਾਰੀ ਹੈ।
ਕਾਲਜ ’ਚੋਂ ਪ੍ਰੋਫੈਸਰ ਦੇ ਛੁੱਟੀ ’ਤੇ ਹੋਣ ਦਾ ਦਾਅਵਾ
ਫ਼ਰੀਦਕੋਟ (ਜਸਵੰਤ ਜੱਸ):
ਇਸ ਮਾਮਲੇ ਬਾਰੇ ਗੱਲ ਕਰਨ ’ਤੇ ਬਾਬਾ ਫ਼ਰੀਦ ਯੂਨੀਵਰਸਿਟੀ, ਫ਼ਰੀਦਕੋਟ ਦੇ ਉਪ ਕੁਲਪਤੀ ਰਾਜੀਵ ਸੂਦ ਨੇ ਕਿਹਾ ਕਿ ਜਿਸ ਰਾਕੇਸ਼ ਚਾਵਲਾ ਦਾ ਉਕਤ ਮਾਮਲੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਯੂਨੀਵਰਸਿਟੀ ਦੇ ਫਾਰਮੇਸੀ ਵਿਭਾਗ ’ਚ ਪ੍ਰੋਫੈਸਰ ਹੈ ਤੇ ਉਹ ਫਿਲਹਾਲ ਕਾਲਜ ’ਚੋਂ ਛੁੱਟੀ ’ਤੇ ਚੱਲ ਰਿਹਾ ਸੀ, ਇਸ ਵਾਸਤੇ ਉਹ ਇਸ ਮਾਮਲੇ ’ਚ ਹੋਰ ਕੁਝ ਨਹੀਂ ਕਹਿ ਸਕਦੇ ਹਨ ਤੇ ਨਾ ਹੀ ਹੋਰ ਕੁਝ ਜਾਣਦੇ ਹਨ। ਦੂਜੇ ਪਾਸੇ ਇਸ ਬਾਰੇ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਉਪ ਕੁਲਪਤੀ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ ਜਦਕਿ ਯੂਨੀਵਰਸਿਟੀ ਦੇ ਲੋਕ ਸੰਪਰਕ ਅਧਿਕਾਰੀ ਰੌਬਿਨ ਜਿੰਦਲ ਨੇ ਮਾਮਲੇ ਤੋਂ ਅਣਜਾਣਤਾ ਪ੍ਰਗਟਾਈ।