ਬਿਨਾਂ ਪਰਮਿਟ ਤੋਂ ਚੱਲਦੀਆਂ ਦੋ ਪ੍ਰਾਈਵੇਟ ਬੱਸਾਂ ਜ਼ਬਤ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 27 ਨਵੰਬਰ
ਸੀਐੱਮ ਫਲਾਇੰਗ, ਆਰਟੀਏ ਸਿਰਸਾ ਅਤੇ ਖੁਫ਼ੀਆ ਵਿਭਾਗ ਦੀ ਸਾਂਝੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਦੋ ਪ੍ਰਾਈਵੇਟ ਬੱਸਾਂ ਨੂੰ ਕਾਲਾਂਵਾਲੀ ਥਾਣੇ ’ਚ ਜ਼ਬਤ ਕਰਕੇ 1 ਲੱਖ 96 ਹਜ਼ਾਰ 500 ਰੁਪਏ ਦਾ ਜੁਰਮਾਨਾ ਕੀਤਾ ਹੈ। ਆਰਟੀਏ ਨਰਿੰਦਰ ਰਾਠੀ ਨੇ ਦੱਸਿਆ ਕਿ ਖੁਫੀਆ ਵਿਭਾਗ ਅਤੇ ਸੀਐੱਮ ਫਲਾਇੰਗ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਲਾਂਵਾਲੀ ਖੇਤਰ ਵਿੱਚ ਪੰਜਾਬ ਰੂਟ ’ਤੇ ਪ੍ਰਾਈਵੇਟ ਬੱਸਾਂ ਬਿਨਾਂ ਪਰਮਿਟ ਦੇ ਚੱਲ ਰਹੀਆਂ ਹਨ। ਜਿਸ ’ਤੇ ਸੀਐੱਮ ਫਲਾਇੰਗ ਦੇ ਹਿਸਾਰ ਦੇ ਐੱਸਆਈ ਰਾਜੇਸ਼ ਕੁਮਾਰ, ਏਐੱਸਆਈ ਸਾਧੂ ਰਾਮ ਅਤੇ ਖੁਫੀਆ ਵਿਭਾਗ ਡੱਬਵਾਲੀ ਦੇ ਐੱਸਆਈ ਬਲਬੀਰ ਸਿੰਘ ਦੀ ਅਗਵਾਈ ਹੇਠ ਸਾਂਝੀ ਟੀਮ ਨੇ ਪਿੰਡ ਤਖਤਮੱਲ ਨੇੜੇ ਪ੍ਰਾਈਵੇਟ ਬੱਸਾਂ ਦੀ ਚੈਕਿੰਗ ਕੀਤੀ ਤਾਂ ਬੱਸ ਚਾਲਕ ਕੋਈ ਪਰਮਿਟ ਪੇਸ਼ ਨਹੀਂ ਕਰ ਸਕਿਆ ਜਿਸ ’ਤੇ ਟੀਮ ਨੇ ਬੱਸਾਂ ਨੂੰ ਕਾਲਾਂਵਾਲੀ ਥਾਣੇ ਲਿਆ ਕੇ ਜ਼ਬਤ ਕਰਨ ਦੀ ਕਾਰਵਾਈ ਕਰਦਿਆਂ ਇਕ ਬੱਸ ਨੂੰ 73 ਹਜ਼ਾਰ ਰੁਪਏ ਅਤੇ ਦੂਜੀ ਬੱਸ ਨੂੰ 1 ਲੱਖ 23 ਹਜ਼ਾਰ ਪੰਜ ਸੌ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੁਝ ਬੱਸ ਆਪਰੇਟਰਾਂ ਵੱਲੋਂ ਬਿਨਾਂ ਪਰਮਿਟ ਤੋਂ ਬੱਸਾਂ ਚਲਾ ਕੇ ਟੈਕਸ ਦੇ ਰੂਪ ਵਿੱਚ ਠੱਗੀ ਮਾਰੀ ਜਾ ਰਹੀ ਹੈ।