ਪੁਲੀਸ ਹਿਰਾਸਤ ’ਚੋਂ ਦੋ ਕੈਦੀ ਭੱਜੇ
ਧਿਆਨ ਸਿੰਘ ਭਗਤ
ਕਪੂਰਥਲਾ, 15 ਨਵੰਬਰ
ਇਥੋਂ ਦੀ ਮਾਡਰਨ ਜੇਲ੍ਹ ਦੇ ਦੋ ਹਵਾਲਾਤੀ ਪੁਲੀਸ ਨੂੰ ਝਕਾਨੀ ਦੇ ਕੇ ਫ਼ਰਾਰ ਹੋ ਗਏ। ਪਹਿਲਾ ਕੈਦੀ ਸਿਵਲ ਹਸਪਤਾਲ ਕਪੂਰਥਲਾ ਵਿਚੋਂ ਫਰਾਰ ਹੋਇਆ, ਜਦਕਿ ਦੂਸਰਾ ਪੀਜੀਆਈ ਚੰਡੀਗੜ੍ਹ ਤੋਂ ਕਪੂਰਥਲਾ ਲਿਆਂਦੇ ਸਮੇਂ ਜੇਲ੍ਹ ਨੇੜਿਉਂ ਫਰਾਰ ਹੋ ਗਿਆ। ਪੁਲੀਸ ਨੇ ਦੋਵਾਂ ਦੀ ਭਾਲ ਵਿੱਚ ਵੱਖ ਵੱਖ ਥਾਣਿਆਂ ਵਿੱਚ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਹੌਲਦਾਰ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਸਾਥੀ ਕਰਮਚਾਰੀ ਨਾਲ ਮਾਡਰਨ ਜੇਲ੍ਹ ਕਪੂਰਥਲਾ ਤੋਂ ਹਵਾਲਾਤੀ ਲਛਮਣ ਕੁਮਾਰ ਉਰਫ ਤੂਫਾਨੀ ਵਾਸੀ ਨਿਊ ਕਰਤਾਰ ਨਗਰ ਸ਼ਾਹਕੋਟ ਜ਼ਿਲ੍ਹਾ ਜਲੰਧਰ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਗਿਆ ਸੀ। ਉਹ ਜਦੋਂ ਹਵਾਲਾਤੀ ਨੂੰ ਡਾਕਟਰ ਕੋਲ ਲਿਜਾਣ ਲੱਗਿਆ ਤਾਂ ਹਵਾਲਾਤੀ ਨੇ ਆਪਣੇ ਹੱਥ ਵਿੱਚ ਫੜੀ ਹੋਈ ਲੋਈ ਉਸ ਦੇ ਮੂੰਹ ’ਤੇ ਮਾਰੀ ਅਤੇ ਉਸ ਨੂੰ ਧੱਕਾ ਮਾਰ ਕੇ ਫਰਾਰ ਹੋ ਗਿਆ। ਦੂਜੇ ਮਾਮਲੇ ਵਿੱਚ ਜੇਲ੍ਹ ਮੁਲਾਜ਼ਮ ਪੀਜੀਆਈ ਵਿੱਚ ਦਾਖਲ ਪੋਕਸੋ ਐਕਟ ਦੇ ਕੈਦੀ ਨੂੰ ਕਪੂਰਥਲਾ ਜੇਲ੍ਹ ਲੈ ਕੇ ਆ ਰਹੇ ਸਨ ਤਾਂ ਪੁਲੀਸ ਟੀਮ ਜਦੋਂ ਜੇਲ੍ਹ ਨਜ਼ਦੀਕ ਪਹੁੰਚੀ ਤਾਂ ਕੈਦੀ ਪੁਲੀਸ ਟੀਮ ਨੂੰ ਝਕਾਨੀ ਦੇ ਕੇ ਐਂਬੂਲੈਂਸ ਵਿਚੋਂ ਛਾਲ ਮਾਰ ਕੇ ਫਰਾਰ ਹੋ ਗਿਆ, ਜਿਸ ਵਿਰੁੱਧ ਥਾਣਾ ਕੋਤਵਾਲੀ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਦੋਵਾਂ ਕੈਦੀਆਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਪਾਰਟੀਆਂ ਛਾਪੇਮਾਰੀ ਕਰ ਰਹੀਆਂ ਹਨ।