ਨਾਮਜ਼ਦਗੀ ਪੱਤਰ ਪਾੜਨ ਦੇ ਮਾਮਲੇ ’ਚ ਦੋ ਪੁਲੀਸ ਮੁਲਾਜ਼ਮ ਮੁਅੱਤਲ
ਮਲਕੀਤ ਟੋਨੀ ਛਾਬੜਾ
ਜਲਾਲਾਬਾਦ, 7 ਅਕਤੂਬਰ
ਪੰਚਾਇਤੀ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਦੀਆਂ ਸੱਤਾਧਾਰੀ ਪਾਰਟੀ ਦੇ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਨਾਮਜ਼ਦਗੀ ਪੱਤਰ ਪਾੜਨ ਖ਼ਿਲਾਫ਼ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਅਗਵਾਈ ਵਿੱਚ ਇਲਾਕਾ ਵਾਸੀਆਂ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਦਿੱਤਾ ਜਾ ਰਿਹਾ ਧਰਨਾ ਅੱਜ ਸਮਾਪਤ ਹੋ ਗਿਆ। ਇਹ ਸੰਘਰਸ਼ ਮਾਮਲੇ ਸਬੰਧੀ ਐੱਫਆਈਆਰ ਦਰਜ ਹੋਣ ਅਤੇ ਦੋ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਮਗਰੋਂ ਸਮਾਪਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਜਲਾਲਾਬਾਦ ਵਿੱਚ ਧਰਨੇ ਕਾਰਨ ਲੀਹੋਂ ਲੱਥੀ ਆਵਾਜਾਈ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਸੀ। ਇਸ ਦੇ ਮੱਦੇਨਜ਼ਰ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਜਲਾਲਾਬਾਦ ਵਿੱਚ ਪਹਿਲਾਂ ਰਹਿ ਚੁੱਕੇ ਡੀਐੱਸਪੀ ਅਤੁਲ ਸੋਨੀ ਜੋ ਅੱਜ ਕੱਲ੍ਹ ਤਰਨ ਤਾਰਨ ’ਚ ਆਪਣੀਆਂ ਸੇਵਾਵਾਂ ਦੇ ਰਹੇ ਹਨ, ਨੂੰ ਬੁਲਾਇਆ ਗਿਆ। ਡੀਐੱਸਪੀ ਸੋਨੀ ਨੇ ਧਰਨਾਕਾਰੀਆ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਉੱਪਰ ਸਹਿਮਤੀ ਬਣਾਉਂਦਿਆਂ ਧਰਨਾ ਸਮਾਪਤ ਕਰਵਾਇਆ।
ਆਗੂਆਂ ਦੱਸਿਆ ਕਿ ਨਾਮਜ਼ਦਗੀ ਪੱਤਰ ਖੋਹਣ ਨੂੰ ਲੈ ਕੇ ਪਿੰਡ ਚੱਕ ਸੋਹਣਾ ਸਾਂਦੜ ਦੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਲਾਲਾਬਾਦ ਦੇ ਡੀਐੱਸਪੀ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਹੀ ਬੱਸ ਨਹੀਂ ਪੁਲੀਸ ਮੁਲਾਜ਼ਮਾਂ ਅਸ਼ਵਨੀ ਕੁਮਾਰ ਤੇ ਸੁਰੇਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਰਾਜਿੰਦਰ ਕੁਮਾਰ ਖਿਲਾਫ ਵਿਭਾਗੀ ਕਾਰਵਾਈ ਕੀਤੀ ਗਈ ਹੈ। ਇਸ ਤੋਂ ਸੰਤੁਸ਼ਟ ਹੁੰਦਿਆਂ ਆਗੂਆਂ ਨੇ ਜਿੱਤ ਦਾ ਨਾਅਰਾ ਲਾਉਂਦਿਆਂ ਅੱਜ ਦੇ ਇਸ ਧਰਨੇ ਨੂੰ ਸਮਾਪਤ ਕਰ ਦਿੱਤਾ।
ਨਾਮਜ਼ਦਗੀਆਂ ਮੁੜ ਭਰਾਉਣ ਲਈ ਚੋਣ ਕਮਿਸ਼ਨ ਨੂੰ ਪੱਤਰ
ਧਰਮਕੋਟ (ਹਰਦੀਪ ਸਿੰਘ): ਹਲਕੇ ਦੀਆਂ 15 ਪੰਚਾਇਤਾਂ ਦੀਆਂ ਨਾਮਜ਼ਦਗੀਆਂ ਵਿੱਚ ਹੋਈ ਕਥਿਤ ਧੱਕੇਸ਼ਾਹੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਪੱਤਰ ਸੌਂਪਿਆ ਹੈ। ਪੱਤਰ ਵਿੱਚ ਉਨ੍ਹਾਂ 15 ਪਿੰਡਾਂ ਦੀ ਸੂਚੀ ਦਿੱਤੀ ਹੈ ਜਿੱਥੋਂ ਅਕਾਲੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਗਏ। ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਵੱਲੋਂ ਤਿਆਰ ਕੀਤੀ ਇਸ ਸੂਚੀ ਨੂੰ ਲੰਘੇ ਕੱਲ੍ਹ ਅਕਾਲੀ ਦਲ ਦੇ ਬੁਲਾਰੇ ਅਤੇ ਸਕੱਤਰ ਦਲਜੀਤ ਸਿੰਘ ਚੀਮਾ ਰਾਹੀਂ ਚੋਣ ਕਮਿਸ਼ਨ ਨੂੰ ਭੇਜਿਆ ਗਿਆ ਹੈ। ਸੂਬੇ ਦੇ ਚੋਣ ਕਮਿਸ਼ਨ ਨੂੰ ਭੇਜੀ ਪ੍ਰਭਾਵਿਤ ਪਿੰਡਾਂ ਦੀ ਸੂਚੀ ਵਿੱਚ ਹਲਕੇ ਦੇ ਪਿੰਡ ਔਗੜ, ਗਗੜਾ, ਖੋਸਾ ਰਣਧੀਰ, ਉਮਰੀਆਣਾ, ਦਾਤੇਵਾਲਾ, ਚੁੱਘਾ ਕਲਾਂ, ਚੁੱਘਾ ਖੁਰਦ, ਮੇਲਕਕੰਗਾ, ਮਨਾਵਾਂ, ਢੋਲੇਵਾਲਾ, ਮੁੰਡੀਜਮਾਲ, ਫਤਿਹਉਲਾ ਸ਼ਾਹਵਾਲਾ, ਕੜਾਹੇ ਵਾਲਾ, ਵਰ੍ਹੇ ਅਤੇ ਮਸੀਤਾਂ ਸ਼ਾਮਲ ਹਨ। ਪੱਤਰ ਰਾਹੀਂ ਮੰਗ ਕੀਤੀ ਗਈ ਕਿ ਇਨ੍ਹਾਂ ਪਿੰਡਾਂ ਵਿੱਚ ਨਾਮਜ਼ਦਗੀਆਂ ਦੁਬਾਰਾ ਦਾਖ਼ਲ ਕਰਵਾਈਆਂ ਜਾਣ।