ਪ੍ਰੌਗਰੈਸਿਵ ਕਲਾ ਮੰਚ ਵੱਲੋਂ ਦੋ ਨਾਟਕਾਂ ਦਾ ਮੰਚਨ
ਹਰਚਰਨ ਪ੍ਰਹਾਰ
ਕੈਲਗਰੀ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਪ੍ਰੋ. ਗੋਪਾਲ ਕਉਂਕੇ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਕਮੇਟੀ ਮੈਂਬਰਾਂ ਮਾਸਟਰ ਭਜਨ ਸਿੰਘ, ਸੰਦੀਪ ਗਿੱਲ, ਨਵਕਿਰਨ ਢੁੱਡੀਕੇ, ਬਨਦੀਪ ਗਿੱਲ, ਗੁਰਸ਼ਰਨ ਸੰਧੂ, ਹਰਕੀਰਤ ਧਾਲੀਵਾਲ, ਹਰੀਪਾਲ ਨੇ ਭਾਗ ਲਿਆ। ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਟੀਮ ਵੱਲੋਂ ਐਬਟਸਫੋਰਡ ਅਤੇ ਸਰੀ ਵਿੱਚ 26 ਅਤੇ 27 ਅਕਤੂਬਰ ਨੂੰ ਦੋ ਨਾਟਕਾਂ ਦਾ ਮੰਚਨ ਕੀਤਾ ਜਾਵੇਗਾ। ਇਸ ਵਿੱਚ ‘ਤੇਰੀ-ਮੇਰੀ ਕਹਾਣੀ’ ਅਤੇ ‘ਐੱਲ ਐੱਮ ਆਈ’ ਨਾਟਕ ਸ਼ਾਮਲ ਹਨ। ਮੀਟਿੰਗ ਦੌਰਾਨ ਸਭ ਨੂੰ ਇਸ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਜਿਹੜੇ ਦਰਸ਼ਕ ਸਰੀ ਜਾਂ ਐਬਟਸਫੋਰਡ ਰਹਿੰਦੇ ਹਨ, ਉਨ੍ਹਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ। ਪਿਛਲੇ ਮਹੀਨੇ ਐਸੋਸੀਏਸ਼ਨ ਨੇ ਡਾ. ਸਾਹਿਬ ਸਿੰਘ ਦੇ ਸੋਲੋ ਨਾਟਕ ‘ਸੰਦੂਕੜੀ ਖੋਲ੍ਹ ਨਰੈਣਿਆ’ ਦਾ ਮੰਚਨ ਕਰਵਾਇਆ ਸੀ।
ਮੀਟਿੰਗ ਦੌਰਾਨ ਦੋ ਨਾਟਕ ਕਰਾਉਣ ਦਾ ਮਤਾ ਪਾਸ ਕਰਨ ਤੋਂ ਇਲਾਵਾ ਐਸੋਸੀਏਸ਼ਨ ਵਿੱਚ ਸ਼ਾਮਲ ਹੋਏ ਤਿੰਨ ਨਵੇਂ ਕਮੇਟੀ ਮੈਂਬਰਾਂ ਗੁਰਸ਼ਰਨ ਸੰਧੂ, ਸੰਦੀਪ ਗਿੱਲ, ਹਰਕੀਰਤ ਧਾਲੀਵਾਲ ਦਾ ਸਵਾਗਤ ਕੀਤਾ ਗਿਆ। ਰੇਡੀਓ ਹੋਸਟ ਰਿਸ਼ੀ ਨਾਗਰ ’ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਜਲਦੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। 13 ਅਕਤੂਬਰ ਨੂੰ ਗਰੀਨ ਪਲਾਜ਼ਾ ਵਿੱਚ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵੱਲੋਂ ਲਗਾਏ ਜਾ ਰਹੇ ਇਸ ਸਾਲ ਦੇ ਚੌਥੇ ਅਤੇ ਆਖਰੀ ਪੁਸਤਕ ਮੇਲੇ ਵਿੱਚ ਸਹਿਯੋਗ ਕਰਨ ਲਈ ਅਪੀਲ ਕੀਤੀ ਗਈ।