ਰਾਊਂਡਗਲਾਸ ਹਾਕੀ ਅਕਾਦਮੀ ਦੇ ਦੋ ਖਿਡਾਰੀ ਜੋਹੋਰ ਕੱਪ ਲਈ ਭਾਰਤੀ ਟੀਮ ’ਚ ਸ਼ਾਮਲ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਅਕਤੂਬਰ
ਰਾਊਂਡਗਲਾਸ ਹਾਕੀ ਅਕਾਦਮੀ (ਆਰ.ਜੀ.ਐਚ.ਏ) ਦੇ ਫਾਰਵਰਡ ਖਿਡਾਰੀ ਗੁਰਜੋਤ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਆਗਾਮੀ ਜੋਹੋਰ ਕੱਪ ਲਈ 18 ਮੈਂਬਰੀ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਮੁਕਾਬਲਾ 19 ਅਕਤੂਬਰ ਤੋਂ ਮਲੇਸ਼ੀਆ ਵਿੱਚ ਖੇਡਿਆ ਜਾਣਾ ਹੈ। ਗੁਰਜੋਤ ਸਿੰਘ ਉਸ ਸੀਨੀਅਰ ਟੀਮ ਦਾ ਹਿੱਸਾ ਸਨ, ਜਿਸ ਨੇ ਚੀਨ ਦੇ ਮੋਕੀ ਵਿੱਚ ਏਸ਼ਿਆਈ ਚੈਂਪੀਅਨਜ਼ ਟਰਾਫੀ ’ਚ ਆਪਣਾ ਖਿਤਾਬ ਬਚਾਇਆ ਸੀ, ਜਦਕਿ ਅਰਸ਼ਦੀਪ ਪਿਛਲੇ ਕੁਝ ਸਾਲਾਂ ਤੋਂ ਜੂਨੀਅਰ ਟੀਮ ਦਾ ਅਹਿਮ ਹਿੱਸਾ ਰਹੇ ਹਨ। ਗੁਰਜੋਤ ਸਿੰਘ (20) ਜਲੰਧਰ ਦੇ ਨਕੋਦਰ ਦਾ ਰਹਿਣ ਵਾਲਾ ਹੈ। ਉਹ ਜੁਲਾਈ 2021 ਤੋਂ ਆਰ.ਜੀ.ਐਚ.ਏ ਵਿੱਚ ਟਰੇਨਿੰਗ ਕਰ ਰਿਹਾ ਹੈ। ਅਰਸ਼ਦੀਪ ਸਿੰਘ(19) ਅੰਮ੍ਰਿਤਸਰ ਨਾਲ ਸਬੰਧਤ ਹੈ ਅਤੇ 2021 ਤੋਂ ਅਕਾਦਮੀ ਨਾਲ ਜੁੜਿਆ ਹੋਇਆ ਹੈ। ਉਹ ਮਈ ਵਿੱਚ ਯੂਰਪ ਟੂਰ ’ਤੇ ਗਈ ਜੂਨੀਅਰ ਟੀਮ ਦਾ ਹਿੱਸਾ ਵੀ ਸੀ। ਗੁਰਜੋਤ ਨੇ ਸੀਨੀਅਰ ਟੀਮ ਵਿਚ ਆਪਣੇ ਡੈਬਿਊ ਦੌਰਾਨ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ। ਗੁਰਜੋਤ ਸਿੰਘ ਨੇ ਕਿਹਾ, ‘‘ਸੀਨੀਅਰ ਟੀਮ ਨਾਲ ਚੈਂਪੀਅਨਜ਼ ਟਰਾਫੀ ਦੌਰਾਨ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸਾਡੇ ਕੋਲ ਬਹੁਤ ਵਧੀਆ ਟੀਮ ਹੈ ਅਤੇ ਮੈਂ ਉਨ੍ਹਾਂ ਨਾਲ ਕਾਫ਼ੀ ਸਮੇਂ ਤੋਂ ਖੇਡ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਟੀਮ ਵਰਕ ਸਾਨੂੰ ਮਲੇਸ਼ੀਆ ਵਿੱਚ ਇੱਛਤ ਨਤੀਜੇ ਹਾਸਲ ਕਰਨ ਵਿੱਚ ਮਦਦਗਾਰ ਹੋਵੇਗਾ।’’ ਉਧਰ ਅਰਸ਼ਦੀਪ ਨੇ ਕਿਹਾ, ‘‘ਇਹ ਮੇਰੇ ਲਈ ਰਾਸ਼ਟਰੀ ਟੀਮ ਨਾਲ ਪਹਿਲਾ ਵੱਡਾ ਟੂਰਨਾਮੈਂਟ ਹੈ। ਮੈਂ ਟੀਮ ਲਈ 100% ਯੋਗਦਾਨ ਦਿਆਂਗਾ ਤਾਂ ਜੋ ਅਸੀਂ ਇੱਛਤ ਨਤੀਜੇ ਹਾਸਲ ਕਰ ਸਕੀਏ।’’
ਭਾਰਤ 19 ਅਕਤੂਬਰ ਨੂੰ ਜਪਾਨ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰੇਗਾ। ਉਪਰੰਤ 20 ਅਕਤੂਬਰ ਨੂੰ ਗ੍ਰੇਟ ਬ੍ਰਿਟੇਨ ਨਾਲ ਖੇਡੇਗਾ। ਭਾਰਤ 22 ਅਕਤੂਬਰ ਨੂੰ ਮਲੇਸ਼ੀਆ ਖ਼ਿਲਾਫ਼ ਖੇਡੇਗਾ, ਫਿਰ 23 ਅਕਤੂਬਰ ਨੂੰ ਆਸਟ੍ਰੇਲੀਆ ਖ਼ਿਲਾਫ਼ ਮੁਕਾਬਲਾ ਹੋਵੇਗਾ। 25 ਅਕਤੂਬਰ ਨੂੰ ਭਾਰਤ ਆਪਣਾ ਆਖ਼ਰੀ ਲੀਗ ਮੈਚ ਨਿਊਜ਼ੀਲੈਂਡ ਖ਼ਿਲਾਫ਼ ਖੇਡੇਗਾ। ਰਾਊਡ ਰੌਬਿਨ ਗੇੜ ਮਗਰੋਂ ਦੋ ਸਿਖਰਲੀਆਂ ਦੀਆਂ ਟੀਮਾਂ 26 ਅਕਤੂਬਰ ਨੂੰ ਫਾਈਨਲ ਵਿੱਚ ਟੱਕਰ ਦੇਣਗੀਆਂ।