ਮੁੰਬਈ ਹਵਾਈ ਅੱਡੇ ਦੇ ਇੱਕੋ ਰਨਵੇਅ ’ਤੇ ਪੁੱਜੇ ਦੋ ਜਹਾਜ਼
ਮੁੰਬਈ, 9 ਜੂਨ
ਮੁੰਬਈ ਹਵਾਈ ਅੱਡੇ ’ਤੇ ਇੰਡੀਗੋ ਜਹਾਜ਼ ਦੇ ਉੱਤਰਨ ਤੋਂ ਇੱਕ ਮਿੰਟ ਤੋਂ ਵੀ ਘੱਟ ਸਮੇਂ ਅੰਦਰ ਏਅਰ ਇੰਡੀਆ ਦਾ ਇੱਕ ਜਹਾਜ਼ ਉਸੇ ਹਵਾਈ ਪੱਟੀ ਤੋਂ ਉਡਾਣ ਭਰਨ ਲੱਗਾ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਮਾਮਲੇ ਦੀ ਜਾਂਚ ਹਵਾਬਾਜ਼ੀ ਨਿਗਰਾਨ ਡੀਜੀਸੀਏ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀਜੀਸੀਏ ਨੇ ਸ਼ਨਿੱਚਰਵਾਰ ਨੂੰ ਘਟਨਾ ਸਮੇਂ ਡਿਊਟੀ ’ਤੇ ਹਾਜ਼ਰ ਏਅਰ ਟਰੈਫਿਕ ਕੰਟਰੋਲਰ (ਏਟੀਸੀ) ਨੂੰ ਮੁਅੱਤਲ ਕਰ ਦਿੱਤਾ ਹੈ ਜਦਕਿ ਇੰਡੀਗੋ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਹੀ ਰਨਵੇਅ ’ਤੇ ਇੱਕ ਜਹਾਜ਼ ਦੇ ਉੱਤਰਨ ਤੇ ਦੂਜੇ ਜਹਾਜ਼ ਦੇ ਉਡਾਣ ਭਰਨ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਹੈ। ਡੀਜੀਸੀਏ ਦੇ ਇੱਕ ਅਧਿਕਾਰੀ ਨੇ ਕਿਹਾ, ‘ਅਸੀਂ ਜਾਂਚ ਕਰ ਰਹੇ ਹਾਂ ਅਤੇ ਘਟਨਾ ’ਚ ਸ਼ਾਮਲ ਏਟੀਸੀਓ ਨੂੰ ਪਹਿਲਾਂ ਹੀ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।’ ਭਾਰਤੀ ਹਵਾਈ ਅੱਡਾ ਅਥਾਰਿਟੀ ਨੇ ਕਿਹਾ ਕਿ ਨਿਯਮ ਅਨੁਸਾਰ ਉਡਾਣ ਭਰਨ ਵਾਲੇ ਜਹਾਜ਼ਾਂ ਨੂੰ ਸਾਰੀ ਹਵਾਈ ਪੱਟੀ ਪਾਰ ਕਰਨੀ ਹੁੰਦੀ ਹੈ ਜਾਂ ਮੋੜ ਕੱਟਣਾ ਹੁੰਦਾ ਹੈ ਜਿਸ ਤੋਂ ਬਾਅਦ ਹੀ ਏਟੀਸੀ ਆਉਣ ਵਾਲੇ ਜਹਾਜ਼ਾਂ ਨੂੰ ਉੱਤਰਨ ਦੀ ਮਨਜ਼ੂਰੀ ਦੇ ਸਕਦਾ ਹੈ। ਉਨ੍ਹਾਂ ਦੱਸਿਆ, ‘ਕਥਿਤ ਤੌਰ ’ਤੇ ਇਨ੍ਹਾਂ ਮਾਮਲਿਆਂ ’ਚ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ।’ -ਪੀਟੀਆਈ