ਅਮਰਨਾਥ ਯਾਤਰਾ ਦੌਰਾਨ ਦੋ ਸ਼ਰਧਾਲੂਆਂ ਦੀ ਮੌਤ
ਸ੍ਰੀਨਗਰ, 16 ਜੁਲਾਈ
ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿੱਚ ਐਤਵਾਰ ਨੂੰ ਅਮਰਨਾਥ ਯਾਤਰਾ ਦੌਰਾਨ ਦੋ ਹੋਰ ਸ਼ਰਧਾਲੂਆਂ ਦੀ ਮੌਤ ਹੋ ਗਈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 27 ਹੋ ਗਈ ਜਦੋਂ ਕਿ ਗੁਫ਼ਾ ਦੇ ਰਾਹ ਵੱਲ ਜਾਂਦੇ ਸਮੇਂ ਸੜਕ ਹਾਦਸੇ ਵਿੱਚ ਸੀਆਰਪੀਐੱਫ ਦੇ 8 ਜਵਾਨ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਅਮਰਨਾਥ ਦੀ ਗੁਫ਼ਾ ਦੇ ਹੇਠਲੇ ਪਾਸੇ ਪੱਥਰ ਵੱਜਣ ਕਾਰਨ ਉਰਮਿਲਾਬੇਨ ਮੋਦੀ (53) ਦੀ ਮੌਤ ਹੋ ਗਈ। ਇਸ ਘਟਨਾ ’ਚ ਬਚਾਅ ਟੀਮ ਦੇ ਦੋ ਜਵਾਨ ਅਤੇ ਇਕ ਸ਼ਰਧਾਲੂ ਜ਼ਖ਼ਮੀ ਹੋ ਗਿਆ।
ਇਕ ਹੋਰ ਹਾਦਸੇ ਵਿੱਚ ਐਤਵਾਰ ਨੂੰ ਗੁਫਾ ਵੱਲ ਜਾਂਦੇ ਰਾਹ ’ਤੇ ਪਹਿਲਗਾਮ ਨੇੜੇ ਪਿਸੂਟੌਪ ’ਤੇ ਮੇਘਨਾਥ ਵਾਸੀ ਛਤੀਸਗੜ੍ਹ ਬੇਹੋਸ਼ ਮਿਲਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਹੁਣ ਤੱਕ 2.15 ਲੱਖ ਸ਼ਰਧਾਲੂ ਅਮਰਨਾਥ ਦੀ ਗੁਫ਼ਾ ਦੀ ਯਾਤਰ ਕਰ ਚੁੱਕੇ ਹਨ। ਫੌਜ ਦੇ ੲਿੱਕ ਤਰਜਮਾਨ ਨੇ ਕਿਹਾ ਕਿ ਯਾਤਰਾ ਲਈ ਸੁਰੱਖਿਆ ਦੇ ਸਖਤ ਬੰਦੋਬਸਤ ਹਨ।
ਅਧਿਕਾਰੀਆਂ ਨੇ ਦੱਸਿਆ ਗੰਦਰਬਲ ਵਿੱਚ ਸਿੰਧ ਨਾਲੇ ਵਿੱਚ ਵਾਹਨ ਡਿੱਗਣ ਕਾਰਨ ਕੇਂਦਰੀ ਰਿਜ਼ਰਵ ਪੁਲੀਸ ਫੋਰਸ ਦੇ ਅੱਠ ਜਵਾਨ ਫੱਟੜ ਹੋ ਗਏ। ਜ਼ਖ਼ਮੀਆਂ ਨੂੰ ਉੱਥੇ ਕੱਢ ਕੇ ਹਸਪਤਾਲ ਲਿਆਂਦਾ ਗਿਆ। -ਪੀਟੀਆਈ