ਤਸਕਰਾਂ ਖ਼ਿਲਾਫ਼ ਕਾਰਵਾਈ ਲਈ ਟੈਂਕੀ ’ਤੇ ਚੜ੍ਹੇ ਦੋ ਵਿਅਕਤੀ
ਸੰਗਾਰਾ ਸਿੰਘ ਅਕਲੀਆ
ਜੋਗਾ, 19 ਅਕਤੂਬਰ
ਵੈਲਫੇਅਰ ਸੁਸਾਇਟੀ ਹੈਲਪਿੰਗ ਹੈੱਡ ਸ਼ਹਿਰੀ ਜੋਗਾ ਦੇ ਪ੍ਰਧਾਨ ਅਤੇ ਹੋਰ ਇਥੇ ਥਾਣੇ ਨੇੜੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਪਤਾ ਲੱਗਣ ’ਤੇ ਪੁਲੀਸ ਨੇ ਉਨ੍ਹਾਂ ਨੂੰ ਹੇਠਾਂ ਉਤਾਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ। ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਦੋ ਵਿਅਕਤੀਆਂ ਨੇ ਮੌਕੇ ’ਤੇ ਪੁੱਜੇ ਪੱਤਰਕਾਰਾਂ ਨੂੰ ਫੋਨ ’ਤੇ ਦੱਸਿਆ ਕਿ ਚਿੱਟੇ ਸਮੇਤ ਹਰ ਤਰ੍ਹਾਂ ਦਾ ਨਸ਼ਾ ਵੇਚਣ ਵਾਲੀ ਸ਼ਹਿਰ ਜੋਗਾ ਦੀ ਬਸਤੀ ਦੇ ਲੋਕਾਂ ਖਿਲਾਫ਼ ਕਾਰਵਾਈ ਕਰਵਾਉਣ ਦੇ ਲਈ ਅੱਜ ਉਨ੍ਹਾਂ ਇਹ ਕਦਮ ਚੁੱਕਣਾ ਪਿਆ। ਉਨ੍ਹਾਂ ਦਾ ਕਹਿਣਾ ਸੀ ਕਿ ਨਸ਼ਾ ਵੇਚਣ ਵਾਲੀ ਬਸਤੀ ਨੇ ਇਲਾਕੇ ਦੇ ਨੌਜਵਾਨ ਨਸ਼ੇੜੀ ਬਣਾ ਦਿੱਤੇ ਹਨ। ਇਸ ਲਈ ਉਹ ਪ੍ਰੇਸ਼ਾਨ ਹਨ। ਉਨ੍ਹਾਂ ਦੀ ਮੰਗ ਹੈ ਕਿ ਨਸ਼ਾ ਵੇਚਣ ਵਾਲੇ ਲੋਕਾਂ ਖ਼ਿਲਾਫ਼ ਪੁਲੀਸ ਕਾਨੂੰਨੀ ਕਾਰਵਾਈ ਕਰੇ। ਉਨ੍ਹਾਂ ਦਾ ਕਹਿਣਾ ਸੀ ਪੁਲੀਸ ਤੋਂ ਮਦਦ ਲੈਣ ਲਈ ਡੇਢ ਮਹੀਨੇ ਤੋਂ ਉਹ ਦੋਵੇਂ ਥਾਣਾ ਜੋਗਾ ਦੇ ਚੱਕਰ ਕੱਟ ਰਹੇ ਹਨ ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕਰਨ ’ਤੇ ਉਹ ਦੁਖੀ ਹੋ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਹਨ। ਲਵਪ੍ਰੀਤ ਸਿੰਘ ਅਕਲੀਆ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਉਸ ਦੇ ਨੇੜਲੇ ਸ਼ਹਿਰ ਜੋਗਾ ਦੇ ਰਹਿਣ ਵਾਲੇ ਹਨ। ਉਸ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਪੁਲੀਸ ਵੱਲੋਂ ਇਹ ਮਾਮਲਾ ਕਿਸੇ ਤਣ-ਪੱਤਣ ਨਾ ਲਾਇਆ ਗਿਆ ਤਾਂ ਉਹ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਦੇਣਗੇ। ਦੂਜੇ ਪਾਸੇ ਮੌਕੇ ’ਤੇ ਪਹੁੰਚ ਕੇ ਡੀਐੱਸਪੀ ਬੂਟਾ ਸਿੰਘ ਗਿੱਲ ਅਤੇ ਥਾਣਾ ਜੋਗਾ ਦੇ ਮੁਖੀ ਰੁਪਿੰਦਰ ਕੌਰ ਨੇ ਪ੍ਰਦਰਸ਼ਨਕਾਰੀਆਂ ਨੂੰ ਟੈਂਕੀ ਤੋਂ ਹੇਠਾਂ ਆਉਣ ਲਈ ਪ੍ਰੇਰਿਆ। ਡੀਐੱਸਪੀ ਬੂਟਾ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲੀਸ ਤਾਂ ਹਰ ਸਮੇਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਗਸੀਰ ਸਿੰਘ ਸੀਰਾ ਅਤੇ ਜੋਤ ਸਿੰਘ ਭੁਪਾਲ ਦੀਆਂ ਜੋ ਜਾਇਜ਼ ਮੰਗਾਂ ਹੋਣਗੀਆਂ ਉਨ੍ਹਾਂ ਨੂੰ ਹਰ ਹਾਲਤ ਵਿੱਚ ਪੁਲੀਸ ਮੰਨ ਕੇ ਨਸ਼ਾ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਕਰਨ ਨੂੰ ਤਿਆਰ ਹੈ। ਕਰੀਬ 6 ਘੰਟੇ ਦੀ ਜੱਦੋ-ਜਹਿਦ ਮਗਰੋਂ ਉਹ ਵਿਅਕਤੀਆਂ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਆ ਗਏ।