ਦੋ ਜਣਿਆਂ ਤੋਂ ਮੋਟਰਸਾਈਕਲ ਤੇ ਨਕਦੀ ਲੁੱਟੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਜੁਲਾਈ
ਸ਼ਹਿਰ ਵਿੱਚ ਦੋ ਜਣਿਆਂ ਦੀ ਕੁੱਟਮਾਰ ਕਰਕੇ ਲੁੱਟ-ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਥਾਣਾ ਸਾਹਨੇਵਾਲ ਦੇ ਇਲਾਕੇ ਵਿੱਚ ਪੰਜ ਵਿਅਕਤੀ ਇੱਕ ਐਕਟਿਵਾ ਸਵਾਰ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਦੀਆਂ ਸੋਨੇ ਦੀਆਂ ਦੋ ਮੁੰਦਰੀਆਂ ਅਤੇ ਪਰਸ ਸਮੇਤ ਮੋਬਾਈਲ ਲੁੱਟ ਕੇ ਲੈ ਗਏ। ਇਸ ਸਬੰਧੀ ਟਾਊਨ ਸਿਬੂਮੱਲ ਚੌਕ ਪੁਰਾਣਾ ਬਾਜ਼ਾਰ ਖੰਨਾ ਵਾਸੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਐਕਟਿਵਾ ’ਤੇ ਘਰ ਜਾ ਰਿਹਾ ਸੀ ਤਾਂ ਪਿੰਡ ਕਨੇਚ ਦੇ ਪੁਲ ਉਪਰ ਪਿੱਛੇ ਤੋਂ ਇੱਕ ਮੋਟਰਸਾਈਕਲ ਅਤੇ ਇੱਕ ਐਕਟਿਵਾ ’ਤੇ ਕੁੱਲ ਪੰਜ ਵਿਅਕਤੀ ਆਏ, ਜਿਨ੍ਹਾਂ ਉਸ ਦੀ ਕੁੱਟਮਾਰ ਕਰਕੇ ਸੋਨੇ ਦੀਆਂ ਦੋ ਮੁੰਦਰੀਆਂ ਤੇ ਚੇਨ, 14200 ਰੁਪਏ ਦੀ ਨਕਦੀ, ਪਰਸ ਅਤੇ ਮੋਬਾਈਲ ਖੋਹ ਕੇ ਲੈ ਗਏ। ਭਾਲ ਕਰਨ ’ਤੇ ਪਤਾ ਲੱਗਾ ਕਿ ਅਨੀਕੇਤ ਵਾਸੀ ਜਨਕਪੁਰ ਵਾਸੀ ਇਸਲਾਮ ਗੰਜ ਸੂਫੀਆ ਚੌਕ, ਨਕੁਲ ਵਾਸੀ ਦੁੱਗਰੀ, ਅਭਿਸ਼ੇਕ ਵਾਸੀ ਜਨਕਪੁਰੀ ਅਤੇ ਸ਼ਿਵਮ ਵਾਸੀ ਨਿਊ ਹਰਿਗੋਬਿੰਦ ਨਗਰ ਨੇ ਲੁੱਟ ਕੀਤੀ ਹੈ। ਥਾਣੇਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ ਪੰਜ ਦੇ ਇਲਾਕੇ ਵਿੱਚ ਅਣਪਛਾਤੇ ਵਿਅਕਤੀ ਸਵਿੱਗੀ ਡਿਲੀਵਰੀ ਬੁਆਏ ਦੀ ਕੁੱਟਮਾਰ ਕਰਕੇ ਮੋਟਰਸਾਈਕਲ ਖੋਹਕੇ ਲੈ ਗਏ ਹਨ। ਇਸ ਸਬੰਧੀ ਨਿਊ ਸ਼ਿਮਲਾਪੁਰੀ ਦੁਸਹਿਰਾ ਗਰਾਊਂਡ ਵਾਸੀ ਨਿਤਿਸ਼ ਕੁਮਾਰ ਉਹ ਸਵਿੱਗੀ ਦਾ ਫੂਡ ਡਿਲਵਰੀ ਕਰਨ ਲਈ ਪੀਏਯੂ ਦੇ ਗੇਟ ਨੰਬਰ 2 ਦੇ ਸਾਹਮਣੇ ਵਾਲੀ ਸੜਕ ’ਤੇ ਆਪਣੇ ਮੋਟਰਸਾਈਕਲ ’ਤੇ ਖੜ੍ਹਾ ਸੀ ਤਾਂ 6 ਅਣਪਛਾਤੇ 2 ਮੋਟਰਸਾਈਕਲਾਂ ’ਤੇ ਆਏ ਅਤੇ ਉਸ ਦੀ ਕੁੱਟਮਾਰ ਕਰਕੇ ਮੋਟਰਸਾਈਕਲ ਖੋਹ ਕੇ ਲੈ ਗਏ। ਪੁਲੀਸ ਨੇ ਦੋਵੇਂ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।