ਘਰ ’ਚ ਪੋਸਤ ਬੀਜਣ ਵਾਲੇ ਦੋ ਵਿਅਕਤੀ ਕਾਬੂ
ਪੱਤਰ ਪ੍ਰੇਰਕ
ਤਲਵੰਡੀ ਸਾਬੋ 29 ਮਾਰਚ
ਤਲਵੰਡੀ ਸਾਬੋ ਪੁਲੀਸ ਨੇ ਘਰ ’ਚ ਹੀ ਪੋਸਤ ਡੋਡਿਆਂ ਦੀ ਬਿਜਾਈ ਕਰਨ ਵਾਲੇ ਦੋ ਵਿਅਕਤੀਆਂ ਸਮੇਤ ਕਈ ਹੋਰਾਂ ਮਾਮਲਿਆਂ ’ਚ ਨਾਮਜ਼ਦ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਡੀਐੱਸਪੀ ਤਲਵੰਡੀ ਸਾਬੋ ਰਾਜੇਸ਼ ਸਨੇਹੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲੀਸ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਲਗਾਤਾਰ ਸਰਗਰਮ ਹੈ ਜਿਸ ਦੇ ਚੱਲਦਿਆਂ ਅੱਜ ਸੁਖਦੀਪ ਸਿੰਘ ਉਰਫ ਮੰਨਾ ਅਤੇ ਗੁਰਵਿੰਦਰ ਸਿੰਘ ਵਾਸੀ ਸ਼ੇਖਪੁਰਾ ਨੂੰ ਕਾਬੂ ਕਰਦਿਆਂ ਇਨ੍ਹਾਂ ਤੋਂ ਕ੍ਰਮਵਾਰ 20 ਕਿਲੋ ਅਤੇ ਸੱਤ ਕਿਲੋ ਹਰੇ ਪੋਸਤ ਡੋਡਿਆਂ ਦੇ ਪੌਦੇ ਜੋ ਉਨ੍ਹਾਂ ਘਰ ਬੀਜੇ ਹੋਏ ਸਨ, ਬਰਾਮਦ ਕਰ ਕੇ ਉਨ੍ਹਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਾਰਟੀ ਨੇ ਚੋਣ ਕਮਿਸ਼ਨ ਵੱਲੋਂ ਮਿਲੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਅੱਜ ਸਵੇਰੇ ਛਾਪੇ ਮਾਰ ਕੇ ਦੋ ਅਦਾਲਤੀ ਭਗੌੜਿਆਂ ਦੀਦਾਰ ਸਿੰਘ ਵਾਸੀ ਪੂਹਲੀ ਅਤੇ ਸੌਦਾਗਰ ਸਿੰਘ ਵਾਸੀ ਕੋਟਸ਼ਮੀਰ ਨੂੰ ਕਾਬੂ ਕੀਤਾ ਹੈ ਜੋ ਐਕਸਾਈਜ਼ ਐਕਟ ਤਹਿਤ ਦੋਸ਼ੀ ਹਨ। ਉਨ੍ਹਾਂ ਦੱਸਿਆ ਕਿ ਗੈਰ- ਜ਼ਮਾਨਤੀ ਵਾਰੰਟਾਂ ਦੀ ਤਾਮੀਲ ਕਰਦਿਆਂ ਵੀ ਪੰਜ ਵਿਅਕਤੀ ਕਾਬੂ ਕੀਤੇ ਗਏ ਹਨ। ਇਸੇ ਤਰ੍ਹਾਂ ਇਸ ਉਪ ਮੰਡਲ ਦੇ ਥਾਣਾ ਰਾਮਾਂ ਪੁਲੀਸ ਨੇ ਲਛਮਣ ਸਿੰਘ ਵਾਸੀ ਰਾਮਾਂ ਨੂੰ 20 ਕਿਲੋ ਲਾਹਣ ਸਮੇਤ ਕਾਬੂ ਕਰ ਕੇ ਕੇਸ ਦਰਜ ਕੀਤਾ ਹੈ। ਪ੍ਰੈੱਸ ਕਾਨਫਰੰਸ ’ਚ ਥਾਣਾ ਤਲਵੰਡੀ ਸਾਬੋ ਮੁਖੀ ਹਰਜੀਤ ਸਿੰਘ ਮਾਨ ਵੀ ਮੌਜੂਦ ਰਹੇ।