ਸੜਕ ਹਾਦਸਿਆਂ ਵਿੱਚ ਨੌਜਵਾਨ ਸਮੇਤ ਦੋ ਜਣੇ ਹਲਾਕ
ਖੇਤਰੀ ਪ੍ਰਤੀਨਿਧ
ਪਟਿਆਲਾ, 12 ਨਵਬੰਰ
ਇੱਥੇ ਨੇੜਲੇ ਖੇਤਰਾਂ ਵਿੱਚ ਵਾਪਰੇ ਦੋ ਸੜਕ ਹਾਦਸਿਆਂ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਇਨ੍ਹਾਂ ’ਚੋਂ ਇੱਕ ਹਾਦਸਾ ਲੰਘੀ ਰਾਤ ਇੱਥੇ ਨਾਭਾ ਰੋਡ ਸਥਿਤ ਫੂਲ ਨਿਊਰੋ ਐਂਡ ਮਲਟੀਸਪੈਸ਼ਲਿਟੀ ਹਸਪਤਾਲ ਪਟਿਆਲਾ ਦੇ ਨੇੜੇ ਵਾਪਰਿਆ। ਇਸ ਦੌਰਾਨ ਅਣਪਛਾਤੀ ਕਾਰ ਵੱਲੋਂ ਮਾਰੀ ਗਈ ਫੇਟ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੀਪਕ ਗੌਤਮ (40) ਪੁੱਤਰ ਪ੍ਰਦੀਪ ਗੌਤਮ ਵਾਸੀ ਪਟਿਆਲਾ ਵਜੋਂ ਹੋਈ ਹੈ। ਉਸ ਵਕਤ ਉਹ ਆਪਣੇ ਮੋਟਰਸਾਈਕਲ ’ਤੇ ਨਾਭਾ ਵੱਲ ਜਾ ਰਿਹਾ ਸੀ। ਗੰਭੀਰ ਜ਼ਖਮੀ ਹਾਲਤ ’ਚ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲਿਆਂਦਾ ਗਿਆ, ਪਰ ਉਹ ਬਚ ਨਾ ਸਕਿਆ। ਇਸੇ ਤਰ੍ਹਾਂ ਥਾਣਾ ਘਨੌਰ ਦੇ ਪਿੰਡ ਘਨੌਰੀ ਖੇੜਾ ਨੇੜੇ ਵਾਪਰੇ ਇੱਕ ਸੜਕ ਹਾਦਸੇ ’ਚ 16 ਸਾਲਾਂ ਦੇ ਵਿਜੇ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਘਨੌਰੀ ਖੇੜਾ ਦੀ ਮੌਤ ਹੋ ਗਈ। ਉਹ ਵੀ ਮੋਟਰਸਾਈਕਲ ’ਤੇ ਜਾ ਰਿਹਾ ਸੀ ਤੇ ਇੱਕ ਟਰੈਕਟਰ-ਟਰਾਲੀ ਨੇ ਟੱਕਰ ਮਾਰ ਦਿੱਤੀ। ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲਿਆਂਦਾ ਗਿਆ ਪਰ ਇਥੇ ਉੁਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਬੱਸ ਤੇ ਟਰੱਕ ਵਿਚਾਲੇ ਟੱਕਰ; ਚਾਰ ਸਵਾਰੀਆਂ ਜ਼ਖ਼ਮੀ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਅੱਜ ਸਵੇਰੇ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਦੇ ਬਲਿਆਲ ਕੱਟ ’ਤੇ ਇਕ ਪੀਆਰਟੀਸੀ ਬੱਸ ਤੇ ਡੀਏਪੀ ਖਾਦ ਦੇ ਭਰੇ ਇਕ ਟਰੱਕ-ਟਰਾਲੇ ਵਿਚਕਾਰ ਟੱਕਰ ਹੋ ਗਈ। ਜਾਣਕਾਰੀ ਇਹ ਸਰਕਾਰੀ ਬੱਸ ਸੰਗਰੂਰ ਤੋਂ ਆ ਰਹੀ ਸੀ ਕਿ ਇਥੇ ਬਲਿਆਲ ਕੱਟ ਤੇ ਇਕ ਟਰੱਕ ਟਰਾਲਾ ਲਿੰਕ ਸੜਕ ਨੂੰ ਮੁੜ ਰਿਹਾ ਸੀ ਤਾਂ ਧੁੰਦ ਕਾਰਨ ਬੱਸ ਟਰੱਕ ਟਰਾਲੇ ਵਿਚ ਵੱਜ ਗਈ। ਹਾਦਸੇ ਵਿੱਚ ਬੱਸ ਵਿੱਚ ਬੈਠੀਆਂ ਸਵਾਰੀਆਂ ਦੇ ਸੱਟਾਂ ਲੱਗੀਆਂ। ਸੜਕ ਹਾਦਸੇ ਵਿੱਚ ਜਖ਼ਮੀ ਰਾਜਪਾਲ ਸਿੰਘ ਠਸਕਾ, ਗੁਰਬਖਸ਼ ਸਿੰਘ ਬਡਰੁੱਖਾਂ, ਪਰਮਜੀਤ ਕੌਰ ਬਡਰੁੱਖਾਂ ਅਤੇ ਬਬਲੀ ਕੌਰ ਵੱਡਾ ਗਾਓਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਥਾਣਾ ਮੁਖੀ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਦੋਵਾਂ ਧਿਰਾਂ ਦੇ ਬਿਆਨਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।