ਆਹਮੋ-ਸਾਹਮਣੀ ਟੱਕਰ ਵਿੱਚ ਦੋ ਮੋਟਰਸਾਈਕਲ ਸਵਾਰਾਂ ਦੀ ਮੌਤ
ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 22 ਅਕਤੂਬਰ
ਸਥਾਨਕ ਵੈਰੋਵਾਲ ਵਾਲੀ ਸੜਕ ਉੱਪਰ ਦੋ ਮੋਟਰਸਾਈਕਲਾਂ ਦੀ ਆਪਸ ਵਿੱਚ ਆਹਮੋ ਸਾਹਮਣੇ ਟੱਕਰ ਹੋਣ ਨਾਲ ਦੋਵੇਂ ਮੋਟਰਸਾਈਕਲ ਚਾਲਕਾਂ ਦੀ ਮੌਤ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਖਡੂਰ ਸਾਹਿਬ ਵਾਲੇ ਪਾਸਿਓਂ ਜੰਡਿਆਲਾ ਗੁਰੂ ਨੂੰ ਆ ਰਿਹਾ ਸੀ ਅਤੇ ਦੂਸਰਾ ਜੰਡਿਆਲਾ ਗੁਰੂ ਤੋਂ ਖਡੂਰ ਸਾਹਿਬ ਜਾ ਰਿਹਾ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਦੋਹਾਂ ਮੋਟਸਾਈਕਲਾਂ ਦੀ ਆਹਮੋ ਸਾਹਮਣੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲਾਂ ਦੇ ਪਰਖੱਚੇ ਉਡ ਗਏ। ਇੱਕ ਮੋਟਰਸਾਈਕਲ ਸਵਾਰ ਦੀ ਮੌਕੇ ਉੱਪਰ ਹੀ ਮੌਤ ਹੋ ਗਈ ਜਿਸ ਦੀ ਪਹਿਚਾਣ ਆਕਾਸ਼ਦੀਪ ਵਾਸੀ ਪਿੰਡ ਧਾਰੜ ਵਜੋਂ ਹੋਈ ਹੈ। ਦੂਸਰੇ ਮੋਟਰਸਾਈਕਲ ਸਵਾਰ ਨੂੰ ਉਸ ਦੇ ਪਰਿਵਾਰ ਵਾਲੇ ਇਲਾਜ ਵਾਸਤੇ ਤਰਨ ਤਾਰਨ ਦੇ ਕਿਸੇ ਨਿੱਜੀ ਹਸਪਤਾਲ ਵਿੱਚ ਲੈ ਗਏ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਐਸਐਚਓ ਜੰਡਿਆਲਾ ਗੁਰੂ ਇੰਸਪੈਕਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵੇਂ ਹਾਦਸਾ ਗ੍ਰਸਤ ਮੋਟਰਸਾਈਕਲ ਕਬਜ਼ੇ ‘ਚ ਲੈ ਲਏ ਗਏ ਹਨ।
ਟਰੱਕ ਦੀ ਫੇਟ ਵੱਜਣ ਨਾਲ ਵਿਅਕਤੀ ਦੀ ਮੌਤ
ਜਲੰਧਰ (ਪੱਤਰ ਪ੍ਰੇਰਕ): ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਟਰਾਂਸਪੋਰਟ ਨਗਰ ਨਾਲ ਲੱਗਦੇ ਸਰਬ ਮਲਟੀਪਲੈਕਸ ਸਾਹਮਣੇ ਹੋਏ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਟਰਾਂਸਪੋਰਟ ਨਗਰ ਤੋਂ ਆ ਰਹੇ ਟਰੱਕ ਨੇ ਬਾਈਕ ਸਵਾਰ ਵਿਅਕਤੀ ਨੂੰ ਕੁਚਲ ਦਿੱਤਾ ਅਤੇ ਕਰੀਬ 400 ਮੀਟਰ ਤੱਕ ਆਪਣੇ ਨਾਲ ਘਸੀਟ ਕੇ ਲੈ ਗਿਆ। ਘਟਨਾ ’ਚ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਪਛਾਣ ਅਨਿਲ ਕੁਮਾਰ ਵਾਸੀ ਪਠਾਨਕੋਟ ਚੌਕ ਵਜੋਂ ਹੋਈ ਹੈ ਜੋ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮੌਕੇ ’ਤੇ ਪਹੁੰਚੇ ਜਾਂਚ ਅਧਿਕਾਰੀਆਂ ਮੁਤਾਬਕ ਘਟਨਾ ਸ਼ਨਿਚਰਵਾਰ ਦੇਰ ਰਾਤ ਵਾਪਰੀ। ਜਦੋਂ ਉਕਤ ਵਿਅਕਤੀ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਘਟਨਾ ਤੋਂ ਬਾਅਦ ਟਰੱਕ ਚਾਲਕ ਫ਼ਰਾਰ ਹੋ ਗਿਆ। ਥਾਣਾ ਡਿਵੀਜ਼ਨ ਨੰਬਰ-8 ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।