ਸੰਗਰੂਰ ਜ਼ਿਲ੍ਹੇ ’ਚ ਚੈਕਿੰਗ ਦੌਰਾਨ ਦੋ ਮੋਟਰਸਾਈਕਲ ਜ਼ਬਤ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 2 ਅਪਰੈਲ
ਜ਼ਿਲ੍ਹੇ ’ਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਅਤੇ ਲੋਕ ਸਭਾ ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹੇ ’ਚ ਤਾਇਨਾਤ ਸਮੂਹ ਸਰਕਲ ਅਫ਼ਸਰਾਂ ਵੱਲੋਂ ਪੁਲੀਸ ਪਾਰਟੀ ਸਮੇਤ ਆਪੋ-ਆਪਣੀ ਸਬ ਡਿਵੀਜ਼ਨ ਵਿੱਚ ਪੈਂਦੇ ਰੇਲਵੇ ਸਟੇਸ਼ਨ, ਬੱਸ ਸਟੈਂਡ, ਸ਼ਾਪਿੰਗ ਮਾਲ, ਡਰੱਗ ਹਾਟ ਸਪਾਟ ਅਤੇ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ ਦੀ ਚੈਕਿੰਗ ਕੀਤੀ ਗਈ।
ਇਸ ਦੌਰਾਨ 349 ਵਿਅਕਤੀਆਂ ਦੀ ਚੈਕਿੰਗ ਦੌਰਾਨ 2 ਮੋਟਰਸਾਈਕਲ ਜ਼ਬਤ ਕਰਵਾਏ ਗਏ ਅਤੇ ਰੇਲਵੇ ਸਟੇਸ਼ਨ ਸੁਨਾਮ ਵਿੱਚ 14 ਮੋਬਾਈਲ ਫੋਨਾਂ ਦੇ ਬਿਲ ਪੇਸ਼ ਨਾ ਕਰਨ ’ਤੇ ਇੰਚਾਰਜ ਜੀ.ਆਰ.ਪੀ. ਸੁਨਾਮ ਦੇ ਸਪੁਰਦ ਕੀਤੇ ਗਏ। ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਚੈਕਿੰਗ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਪੰਜਾਬ-ਹਰਿਆਣਾ ਬਾਰਡਰ ’ਤੇ ਦੋ ਅੰਤਰਰਾਜੀ ਪੁਲੀਸ ਨਾਕਿਆਂ ’ਤੇ ਚੌਕਸੀ ਟੀਮਾਂ ਤਾਇਨਾਤ ਹਨ ਜਦੋਂ ਕਿ ਹੋਰ ਪੁਲੀਸ ਨਾਕੇ ਵੀ ਵਧਾਏ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਭਰ ਵਿੱਚ ਅਣ-ਅਧਿਕਾਰਤ ਨਗਦੀ, ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ 24 ਘੰਟੇ ਟੀਮਾਂ ਤਾਇਨਾਤ ਹਨ ਅਤੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਅਮਨ ਅਮਾਨ ਨਾਲ ਲੋਕ ਸਭਾ ਚੋਣਾਂ ਦੇ ਅਮਲ ਨੂੰ ਨੇਪਰੇ ਚੜ੍ਹਾਇਆ ਜਾਵੇਗਾ।