ਅਖਨੂਰ ਮੁਕਾਬਲੇ ’ਚ ਦੋ ਹੋਰ ਅਤਿਵਾਦੀ ਹਲਾਕ
* ਫ਼ੌਜ ਨੇ ਜੰਗਲੀ ਇਲਾਕਿਆਂ ’ਚ ਨਿਗਰਾਨੀ ਤੇ ਗਸ਼ਤ ਵਧਾਈ
ਜੰਮੂ/ਰਾਜੌਰੀ, 29 ਅਕਤੂਬਰ
ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਅਖਨੂਰ ਸੈਕਟਰ ਦੇ ਪਿੰਡ ਨੇੜੇ ਜੰਗਲੀ ਇਲਾਕੇ ’ਚ ਲੁਕੇ ਦੋ ਹੋਰ ਅਤਿਵਾਦੀ ਮਾਰ ਮੁਕਾਏ ਹਨ, ਜਿਸ ਨਾਲ ਕੰਟਰੋਲ ਰੇਖਾ ਨੇੜੇ 27 ਘੰਟੇ ਤੱਕ ਚੱਲੇ ਮੁਕਾਬਲੇ ’ਚ ਮਾਰੇ ਅਤਿਵਾਦੀਆਂ ਦੀ ਗਿਣਤੀ ਤਿੰਨ ਹੋ ਗਈ ਹੈ। ਦੂਜੇ ਪਾਸੇ ਅਤਿਵਾਦੀ ਹਮਲਿਆਂ ਦੇ ਮੱਦੇਨਜ਼ਰ ਸੈਨਾ ਨੇ ਰਾਜੌਰੀ ਤੇ ਪੁਣਛ ਤੇ ਸਰਹੱਦੀ ਜ਼ਿਲ੍ਹਿਆਂ ਦੇ ਸੰਘਣੇ ਜੰਗਲੀ ਇਲਾਕਿਆਂ ’ਚ ਨਿਗਰਾਨੀ ਤੇ ਗਸ਼ਤ ਵਧਾ ਦਿੱਤੀ ਹੈ।
ਕੰਟਰੋਲ ਰੇਖਾ ਨੇੜੇ ਬੀਤੇ ਦਿਨ ਸਵੇਰੇ ਸੁਰੱਖਿਆ ਬਲਾਂ ਦੇ ਕਾਫਲੇ ’ਚ ਸ਼ਾਮਲ ਸੈਨਾ ਦੀ ਐਂਬੂਲੈਂਸ ’ਤੇ ਗੋਲੀਬਾਰੀ ਕਰਨ ਵਾਲੇ ਤਿੰਨ ਅਤਿਵਾਦੀਆਂ ’ਚੋਂ ਇੱਕ ਨੂੰ ਵਿਸ਼ੇਸ਼ ਬਲਾਂ ਤੇ ਐੱਨਐੱਸਜੀ ਕਮਾਂਡੋਜ਼ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਸ਼ਾਮ ਤੱਕ ਮਾਰ ਮੁਕਾਇਆ ਗਿਆ। ਮੁਹਿੰਮ ਦੌਰਾਨ ਬੀਐੱਮਪੀ-ਦੂਜੀ ਪੈਦਲ ਸੈਨਾ ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਦੋ ਹੋਰ ਅਤਿਵਾਦੀਆਂ ਨੂੰ ਅੱਜ ਸੈਨਾ ਤੇ ਪੁਲੀਸ ਦੀ ਸਾਂਝੀ ਟੀਮ ਨੇ ਬੱਟਲ-ਖੌਰ ਖੇਤਰ ਦੇ ਜੋਗਵਾਨ ਪਿੰਡ ’ਚ ਅੱਸਨ ਮੰਦਰ ਨੇੜੇ ਹਮਲੇ ਦੇ ਦੋ ਘੰਟਿਆਂ ਬਾਅਦ ਮਾਰ ਮੁਕਾਇਆ। ਸੈਨਾ ਦੀ ਜੰਮੂ ਸਥਿਤ ‘ਵ੍ਹਾਈਟ ਨਾਈਟ ਕੋਰ’ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਇਸ ਸਫਲ ਮੁਹਿੰਮ ’ਚ ਜੰਗ ਜਿਹੇ ਸਾਮਾਨ ਦੀ ਬਰਾਮਦਗੀ ਵੀ ਹੋਈ ਹੈ ਜੋ ਖੇਤਰ ’ਚ ਸੁਰੱਖਿਆ ਬਣਾਏ ਰੱਖਣ ਦੀ ਦਿਸ਼ਾ ’ਚ ਇੱਕ ਅਹਿਮ ਕਦਮ ਹੈ।’ ਅਤਿਵਾਦੀ ਹਮਲਿਆਂ ਦੇ ਮੱਦੇਨਜ਼ਰ ਭਾਰਤੀ ਸੈਨਾ ਨੇ ਆਧੁਨਿਕ ਨਿਗਰਾਨੀ ਉਪਕਰਨਾਂ ਤੇ ਹਥਿਆਰਾਂ ਨਾਲ ਲੈਸ ਹੋ ਕੇ ਰਾਜੌਰੀ ਤੇ ਪੁਣਛ ਤੇ ਸਰਹੱਦੀ ਜ਼ਿਲ੍ਹਿਆਂ ਦੇ ਸੰਘਣੇ ਜੰਗਲੀ ਇਲਾਕਿਆਂ ’ਚ ਨਿਗਰਾਨੀ ਤੇ ਗਸ਼ਤ ਵਧਾ ਦਿੱਤੀ ਹੈ। -ਪੀਟੀਆਈ