ਸਰਹੱਦੀ ਖੇਤਰ ’ਚੋਂ ਤਲਾਸ਼ੀ ਦੌਰਾਨ ਹੈਰੋਇਨ ਦੇ ਦੋ ਹੋਰ ਪੈਕੇਟ ਮਿਲੇ
ਐੱਨਪੀ ਧਵਨ
ਪਠਾਨਕੋਟ, 19 ਨਵੰਬਰ
ਭਾਰਤ-ਪਾਕਿਸਤਾਨ ਸਰਹੱਦ ਦੇ ਬਿਲਕੁਲ ਨਜ਼ਦੀਕ ਪੈਂਦੇ ਪਿੰਡ ਅਖਵਾੜਾ ਵਿੱਚ ਪਾਕਿਸਤਾਨ ਤਰਫੋਂ ਆਏ ਡਰੋਨ ਵੱਲੋਂ ਸੁੱਟੀ ਹੈਰੋਇਨ ਦਾ ਪੈਕੇਟ (540 ਗਰਾਮ) ਬਰਾਮਦ ਹੋਣ ਦੇ ਤੀਜੇ ਦਿਨ ਉਸੇ ਖੇਤਰ ਵਿੱਚੋਂ ਪੰਜਾਬ ਪੁਲੀਸ, ਕਮਾਂਡੋਜ਼ ਅਤੇ ਬੀਐੱਸਐੱਫ ਵੱਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ 2 ਪੈਕੇਟ (1 ਕਿਲੋ 112 ਗਰਾਮ) ਹੋਰ ਬਰਾਮਦ ਹੋਏ।
ਇਹ ਪੈਕੇਟ ਵੀ ਉਸੇ ਹੀ ਡਰੋਨ ਵੱਲੋਂ ਸੁੱਟੀ ਗਈ ਨਸ਼ੀਲੇ ਪਦਾਰਥਾਂ ਦੀ ਖੇਪ ਦਾ ਹਿੱਸਾ ਸਮਝੇ ਜਾ ਰਹੇ ਹਨ। ਇਸ ਬਾਰੇ ਥਾਣਾ ਨਰੋਟ ਜੈਮਲ ਸਿੰਘ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 10, 11, 12 ਏਅਰਕਰਾਫਟ ਐਕਟ 1934, 21 ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਅਖਵਾੜਾ ਪਿੰਡ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਤੋਂ ਢਾਈ ਕਿਲੋਮੀਟਰ ਦੀ ਵਿੱਥ ’ਤੇ ਹੈ। ਇਸ ਖੇਤਰ ਵਿੱਚ ਡਰੋਨ ਦੀ ਤੀਜੀ ਘਟਨਾ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇੱਕ ਡਰੋਨ ਇਸ ਖੇਤਰ ਵਿੱਚ ਡਿੱਗਾ ਸੀ।
ਉਸ ਨਾਲ ਲੱਗੇ ਹੋਏ ਯੰਤਰਾਂ ਤੋਂ ਕਾਫੀ ਅਹਿਮ ਸੂਚਨਾਵਾਂ ਹੱਥ ਲੱਗੀਆਂ ਸਨ। ਉਨ੍ਹਾਂ ਕਿਹਾ ਕਿ ਹੁਣ ਡਰੋਨ ਵੱਲੋਂ ਹੈਰੋਇਨ ਸੁੱਟ ਕੇ ਜਾਣ ਵਾਲੀ ਘਟਨਾ ਵਿੱਚ 2 ਵਾਰ ਹੈਰੋਇਨ ਬਰਾਮਦ ਹੋਈ ਹੈ। ਪੁਲੀਸ ਅਨੁਸਾਰ ਮਾਮਲੇ ਵਿੱਚ ਅਗਲੀ ਜਾਂਚ ਕੀਤੀ ਜਾ ਰਹੀ ਹੈ।