ਅਗਵਾ ਅਤੇ ਦਸ ਲੱਖ ਰੁਪਏ ਫਿਰੌਤੀ ਦੇ ਮਾਮਲੇ ਵਿੱਚ ਦੋ ਹੋਰ ਗ੍ਰਿਫ਼ਤਾਰ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 27 ਜੂਨ
ਇਥੇ ਇਕ ਵਿਅਕਤੀ ਸ਼ਿਵਮ ਸੂਦ ਨੂੰ ਅਗਵਾ ਕਰਨ ਅਤੇ 10 ਲੱਖ ਰੁਪਏ ਫਿਰੌਤੀ ਲੈਣ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਕੋਲੋਂ 18 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖ਼ਤ ਭੁਪਿੰਦਰ ਸਿੰਘ ਉਰਫ ਲਾਡੀ ਅਤੇ ਕੁਨਾਲ ਮਹਾਜਨ ਉਰਫ ਕੇਸ਼ਵ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਜਸਕਰਨ ਖੰਨਾ ਉਰਫ਼ ਕਾਕਾ ਅਤੇ ਅਜੇ ਨੇਗੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਕੋਲੋਂ ਪੁਲੀਸ ਨੇ 16 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ।
ਇਹ ਘਟਨਾ 3 ਫਰਵਰੀ ਦੀ ਹੈ। ਸ਼ਿਵਮ ਸੂਦ ਆਪਣੀ ਦੁਕਾਨ ਬੰਦ ਕਰਕੇ ਰਾਤ 11 ਵਜੇ ਜਦੋਂ ਘਰ ਪਰਤ ਰਿਹਾ ਸੀ ਤਾਂ ਉਸ ਵੇਲੇ ਘਰ ਦੇ ਬਾਹਰੋਂ ਹੀ ਉਸ ਨੂੰ ਅਗਵਾ ਕਰ ਲਿਆ ਗਿਆ। ਕਾਰ ਸਵਾਰਾਂ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਦੇ ਬੰਦੇ ਦੱਸਿਆ ਸੀ। ਅਗਵਾਕਾਰਾਂ ਨੇ ਉਸ ਕੋਲੋਂ 10 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ।
ਸ਼ਿਵਮ ਸੂਦ ਨੇ ਆਪਣੇ ਪਿਤਾ ਕੋਲੋਂ ਅਗਵਾਕਾਰਾਂ ਨੂੰ 10 ਲੱਖ ਰੁਪਏ ਦਿਵਾ ਦਿੱਤੇ ਅਤੇ ਅਗਵਾਕਾਰ ਉਸ ਨੂੰ ਬੱਸ ਅੱਡੇ ਨੇੜੇ ਕਾਰ ਵਿੱਚੋਂ ਸੁੱਟ ਕੇ ਭੱਜ ਗਏ ਸਨ।
ਪੁਲੀਸ ਦੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਇਸ ਮਾਮਲੇ ਵਿੱਚ ਪੁਲੀਸ ਨੇ ਜਸਕਰਨ ਖੰਨਾ ਅਤੇ ਅਜੇ ਸਿੰਘ ਨੇਗੀ ਨੂੰ 16 ਫਰਵਰੀ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਸੀ।
ਇਨ੍ਹਾਂ ਕੋਲੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ‘ਤੇ ਪੁਲੀਸ ਨੇ ਇਸ ਮਾਮਲੇ ਵਿੱਚ ਸਾਹਿਲ ਉਰਫ ਲਲੀ, ਕੁਨਾਲ ਮਹਾਜਨ, ਭੁਪਿੰਦਰ ਸਿੰਘ ਉਰਫ ਲਾਡੀ ਅਤੇ ਸੁਖਚੈਨ ਸਿੰਘ ਨੂੰ ਨਾਮਜ਼ਦ ਕੀਤਾ ਸੀ। ਉਨ੍ਹਾਂ ਦੱਸਿਆ ਕਿ ਹੁਣ ਇਸ ਮਾਮਲੇ ਵਿੱਚ ਪੁਲੀਸ ਨੇ ਕੁਨਾਲ ਮਹਾਜਨ ਉਰਫ ਕੇਸ਼ਵ ਅਤੇ ਭੁਪਿੰਦਰ ਸਿੰਘ ਉਰਫ ਲਾਡੀ ਨੂੰ ਜੋ ਕਿ ਜੇਲ੍ਹ ਵਿੱਚ ਬੰਦ ਸਨ, ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਗ੍ਰਿਫਤਾਰ ਕੀਤਾ ਹੈ। ਇਸ ਵੇਲੇ ਇਹ ਦੋਵੇਂ 15 ਮਈ ਦੀ ਰਾਤ ਨੂੰ ਮੈਡੀਕਲ ਇਨਕਲੇਵ ਵਿਚੋਂ ਇਕ ਕਾਰ ਖੋਹਣ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸਨ।
ਪੁਲੀਸ ਨੇ ਦੱਸਿਆ ਕਿ ਪੁਲੀਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ ਬਾਕੀ ਰਹਿੰਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵਾਸਤੇ ਵੀ ਛਾਪੇ ਮਾਰੇ ਰਹੇ ਹਨ।