ਮਨੀਪੁਰ ਘਟਨਾ ਦੇ ਸਬੰਧ ਵਿੱਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ
ਇੰਫਾਲ, 22 ਜੁਲਾਈ
ਮਨੀਪੁਰ ਪੁਲੀਸ ਨੇ ਸੂਬੇ ਦੇ ਕਾਂਗਪੋਕਪੀ ਜ਼ਿਲ੍ਹੇ ’ਚ ਚਾਰ ਮਈ ਨੂੰ ਦੋ ਕਬਾਇਲੀ ਮਹਿਲਾਵਾਂ ਦੀ ਨਗਨ ਪਰੇਡ ਕਰਵਾਉਣ ਦੇ ਮਾਮਲੇ ’ਚ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ’ਚੋਂ ਇੱਕ ਦੀ ਉਮਰ 19 ਸਾਲ ਦੇ ਕਰੀਬ ਜਦਕਿ ਦੂਜਾ ਮੁਲਜ਼ਮ ਨਾਬਾਲਗ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ।
ਪੁਲੀਸ ਨੇ ਦੱਸਿਆ ਕਿ ਲੰਘੇ ਬੁੱਧਵਾਰ ਨੂੰ ਇਸ ਘਟਨਾ ਦੀ 26 ਸਕਿੰਟ ਦੀ ਵੀਡੀਓ ਸਾਹਮਣੇ ਆਈ ਸੀ। ਬੀ ਫਾਈਨੋਮ ਪਿੰਡ ’ਚ ਮਹਿਲਾਵਾਂ ਦੀ ਨਗਨ ਪਰੇਡ ਕਰਾਉਣ ਵਾਲੀ ਭੀੜ ’ਚ ਸ਼ਾਮਲ ਵਿਅਕਤੀ ਇੱਕ ਮਹਿਲਾ ਨੂੰ ਘੜੀਸਦਾ ਹੋਇਆ ਦਿਖਾਈ ਦਿੱਤਾ ਸੀ। ਇਹ ਵਿਅਕਤੀ ਇਸ ਘਟਨਾ ਦੀ ਵੱਡੇ ਪੱਧਰ ’ਤੇ ਨਿੰਦਾ ਹੋਣ ਮਗਰੋਂ ਬੀਤੇ ਲੰਘੇ ਵੀਰਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਚਾਰ ਹੋਰ ਵਿਅਕਤੀਆਂ ਨਾਲ ਭੀੜ ਵਿੱਚ ਸ਼ਾਮਲ ਸੀ। ਪੁਲੀਸ ਨੇ ਦੱਸਿਆ ਕਿ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਚਾਰ ਵਿਅਕਤੀਆਂ ਨੂੰ ਬੀਤੇ ਦਨਿ 11 ਦਨਿ ਦੀ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਇਸ ਵੀਡੀਓ ’ਚ ਜੋ ਮਹਿਲਾਵਾਂ ਦਿਖਾਈ ਦੇ ਰਹੀਆਂ ਹਨ ਉਨ੍ਹਾਂ ’ਚੋਂ ਇੱਕ ਮਹਿਲਾ ਸਾਬਕਾ ਫੌਜੀ ਦੀ ਪਤਨੀ ਹੈ ਜੋ ਅਸਾਮ ਰੈਜੀਮੈਂਟ ’ਚ ਸੂਬੇਦਾਰ ਵਜੋਂ ਸੇਵਾਵਾਂ ਨਿਭਾਅ ਚੁੱਕਾ ਹੈ ਤੇ ਕਾਰਗਿਲ ਜੰਗ ਵੀ ਲੜ ਚੁੱਕਾ ਹੈ। ਇਸ ਘਟਨਾ ਦੇ ਸਬੰਧ ਵਿੱਚ ਤਕਰੀਬਨ ਇੱਕ ਮਹੀਨਾ ਪਹਿਲਾਂ 21 ਜੂਨ ਨੂੰ ਕਾਂਗਪੋਕਪੀ ਜ਼ਿਲ੍ਹੇ ਦੇ ਸੈਕੁਲ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਐਫਆਈਆਰ ਅਨੁਸਾਰ ਭੀੜ ਨੇ ਚਾਰ ਮਈ ਨੂੰ ਭੀੜ ਨੇ ਇੱਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਸੀ ਜਿਸ ਨੇ ਕੁਝ ਲੋਕਾਂ ਨੂੰ ਆਪਣੀ ਭੈਣ ਨਾਲ ਜਬਰ ਜਨਾਹ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਦੋ ਮਹਿਲਾਵਾਂ ਦੀ ਨਗਨ ਪਰੇਡ ਕਰਵਾਈ ਗਈ ਤੇ ਲੋਕਾਂ ਸਾਹਮਣੇ ਉਨ੍ਹਾਂ ਦਾ ਜਨਿਸੀ ਸ਼ੋਸ਼ਣ ਕੀਤਾ ਗਿਆ। ਮਨੀਪੁਰ ਪੁਲੀਸ ਤੇ ਕੇਂਦਰੀ ਬਲਾਂ ਨੇ ਸੂਬੇ ’ਚ ਕੋਈ ਵੀ ਅਣਸੁਖਾਵੀਂ ਘਟਨਾ ਰੋਕਣ ਲਈ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਪੁਲੀਸ ਨੇ ਕਿਹਾ ਕਿ ਉਹ 4 ਮਈ ਦੀ ਘਟਨਾ ਦੇ ਸਬੰਧ ਵਿੱਚ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਜਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ’ਚ ਸੁਰੱਖਿਆ ਪ੍ਰਬੰਧਾਂ ਵਜੋਂ 126 ਨਾਕੇ ਲਾਏ ਗਏ ਹਨ ਤੇ ਹੁਣ ਤੱਕ 413 ਵਿਅਕਤੀ ਹਿਰਾਸਤ ਵਿੱਚ ਲਏ ਹਨ। ਉਨ੍ਹਾਂ ਕਿਹਾ ਕਿ ਕੌਮੀ ਮਾਰਗ ਨੰ. 37 ’ਤੇ 749 ਅਤੇ ਕੌਮੀ ਮਾਰਗ ਨੰ. 2 ’ਤੇ ਜ਼ਰੂਰੀ ਵਸਤਾਂ ਵਾਲੇ 174 ਵਾਹਨਾਂ ਦੀ ਆਵਾਜਾਈ ਯਕੀਨੀ ਬਣਾਈ ਗਈ ਹੈ। -ਪੀਟੀਆਈ
ਦੋ ਲੜਕੀਆਂ ਨਾਲ ਸਮੂਹਿਕ ਜਬਰ ਜਨਾਹ ਮਗਰੋਂ ਕਤਲ ਦੀ ਇੱਕ ਹੋਰ ਘਟਨਾ ਸਾਹਮਣੇ ਆਈ
ਇੰਫਾਲ: ਇੱਕ ਕਬਾਇਲੀ ਮਹਿਲਾ ਨੇ ਸੈਕੁਲ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਸੀ ਜਿਸ ’ਚ ਕਿਹਾ ਗਿਆ ਸੀ ਕਿ ਚਾਰ ਮਈ ਨੂੰ ਕੋਨੁੰਗ ਮਮਾਂਗ ਨੇੜੇ ਕਿਰਾਏ ਦੇ ਮਕਾਨ ’ਚ ਉਸ ਦੀ 21 ਸਾਲਾ ਧੀ ਤੇ ਧੀ ਦੀ 24 ਸਾਲਾ ਦੋਸਤ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਫਿਰ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਪੁਲੀਸ ਵੱਲੋਂ ਇਸ ਸਬੰਧੀ 16 ਮਈ ਨੂੰ ਦਰਜ ਕੀਤੀ ਗਈ ਐੱਫਆਈਆਰ। ਵਿੱਚ ਜਨਿਸੀ ਸ਼ੋਸ਼ਣ ਨਾਲ ਸਬੰਧਤ ਕੋਈ ਧਾਰਾ ਸ਼ਾਮਲ ਨਹੀਂ ਕੀਤੀ ਗਈ ਹੈ। ਮਹਿਲਾ ਨੇ ਕਿਹਾ ਕਿ ਦੋਵੇਂ ਲੜਕੀਆਂ ਇੱਕ ਕਾਰ ਵਾਸ਼ਿੰਗ ਸਟੇਸ਼ਨ ’ਤੇ ਕੇਅਰਟੇਕਰ ਦਾ ਕੰਮ ਕਰ ਕਰਦੀਆਂ ਸੀ ਤੇ ਉਨ੍ਹਾਂ ਦੀਆਂ ਲਾਸ਼ਾਂ ਅਜੇ ਤੱਕ ਬਰਾਮਦ ਨਹੀਂ ਹੋਈਆਂ ਹਨ। ਉਸ ਨੇ ਦੋਸ਼ ਲਾਇਆ ਕਿ 4 ਮਈ ਨੂੰ ਦੋਵਾਂ ਲੜਕੀਆਂ ਨਾਲ 100-200 ਅਣਪਛਾਤੇ ਵਿਅਕਤੀਆਂ ਨੇ ਜਬਰ ਜਨਾਹ ਕੀਤਾ। ਉਸ ਨੇ ਕਿਹਾ ਕਿ ਸਾਰੇ ਵਿਅਕਤੀ ਬਹੁ-ਗਿਣਤੀ ਭਾਈਚਾਰੇ ਨਾਲ ਸਬੰਧਤ ਸਨ। ਪੁਲੀਸ ਵੱਲੋਂ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਸਮੇਤ ਧਾਰਾ 153ਏ (ਭਾਈਚਾਰਿਆਂ ਦਰਮਿਆਨ ਨਫਰਤ ਫੈਲਾਉਣ), 398 (ਲੁੱਟ-ਖੋਹ ਦੀ ਕੋਸ਼ਿਸ਼), 436 (ਘਰਾਂ ਨੂੰ ਨੁਕਸਾਨ ਪਹੁੰਚਾਉਣ ਲਈ ਅੱਗ ਜਾਂ ਧਮਾਕਾਖੇਜ਼ ਸਮੱਗਰੀ ਦੀ ਵਰਤੋਂ) ਅਤੇ ਧਾਰਾ 448 (ਘਰਾਂ ’ਚ ਘੁਸਪੈਠ) ਤੋਂ ਇਲਾਵਾ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ’ਚੋਂ ਕੋਈ ਵੀ ਧਾਰਾ ਸਮੂਹਿਕ ਜਬਰ ਜਨਾਹ ਨਾਲ ਸਬੰਧਤ ਨਹੀਂ ਹੈ। -ਪੀਟੀਆਈ