ਮੋਬਾਈਲ ਖੋਹਣ ਵਾਲੇ ਦੋ ਕਾਬੂ
ਜਲੰਧਰ:
ਜਲੰਧਰ ਪੁਲੀਸ ਕਮਿਸ਼ਨਰੇਟ ਨੇ ਪੀੜਤ ਦਾ ਗੁੱਟ ਤੋੜ ਕੇ ਮੋਬਾਈਲ ਝਪਟਣ ਵਾਲੇ ਦੋ ਝਪਟਮਰਾਂ ਨੂੰ ਗ੍ਰਿਫ਼ਤਾਰ ਕਰ ਕੇ ਖੋਹ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਸਬੰਧੀ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ 28 ਅਗਸਤ ਨੂੰ ਸੰਨੀ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਜੋ ਹੁਣ ਕਰਤਾਰ ਢਾਬਾ ਜਲੰਧਰ ਰਹਿੰਦਾ ਹੈ, ਨੇ ਸ਼ਿਕਾਇਤ ਕੀਤੀ ਸੀ ਕਿ ਰਸਤੇ ਵਿੱਚ ਮਕਸੂਦਾਂ ਚੌਕ ਵਿੱਚ ਤਿੰਨ ਅਣਪਛਾਤੇ ਐਕਟਿਵਾ ਸਵਾਰਾਂ ਨੇ ਦਾਤਰ ਨਾਲ ਉਸ ’ਤੇ ਹਮਲਾ ਕਰ ਕੇ ਉਸ ਦਾ ਵਨਪਲੱਸ ਮੋਬਾਈਲ ਫੋਨ ਖੋਹ ਲਿਆ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਨੇ ਜਾਂਚ ਦੌਰਾਨ ਮੁਲਜ਼ਮਾਂ ਦੀ ਪਛਾਣ ਵਰੁਣ ਤੇ ਬਿੰਨੀ ਵਾਸੀ ਨਿਊ ਦਿਓਲ ਨਗਰ, ਮਾਡਲ ਹਾਊਸ, ਨੇੜੇ ਐਸ.ਪੀ ਪ੍ਰਾਈਮ ਸਕੂਲ ਜਲੰਧਰ ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਖੋਹਿਆ ਵਨਪਲੱਸ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦਾ ਤੀਜਾ ਸਾਥੀ ਅੰਕਿਤ ਜੋ ਕਿ ਇੱਕ ਹੋਰ ਕੇਸ ਵਿੱਚ ਜੇਲ੍ਹ ਵਿੱਚ ਹੈ, ਦੀ ਗ੍ਰਿਫ਼ਤਾਰੀ ਬਾਕੀ ਹੈ। -ਪੱਤਰ ਪ੍ਰੇਰਕ