ਇਜ਼ਰਾਈਲ ’ਚ ਬਲਿੰਕਨ ਦੇ ਹੋਟਲ ਨੇੜੇ ਦੋ ਮਿਜ਼ਾਈਲਾਂ ਨੂੰ ਹਵਾ ’ਚ ਫੁੰਡਿਆ
ਤਲ ਅਵੀਵ, 23 ਅਕਤੂਬਰ
ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਜਦੋਂ ਇਜ਼ਰਾਈਲ ਦਾ ਆਪਣਾ ਦੌਰਾ ਖ਼ਤਮ ਕਰਨ ਵਾਲੇ ਸਨ ਤਾਂ ਅੱਜ ਇਥੇ ਸ਼ਹਿਰ ’ਚ ਅਚਾਨਕ ਸਾਇਰਨ ਗੂੰਜਣ ਲੱਗੇ। ਬਲਿੰਕਨ ਦੇ ਹੋਟਲ ਉਪਰ ਆਸਮਾਨ ’ਚ ਇਜ਼ਰਾਈਲ ਨੇ ਲਿਬਨਾਨ ਵੱਲੋਂ ਦਾਗ਼ੀਆਂ ਗਈਆਂ ਦੋ ਮਿਜ਼ਾਈਲਾਂ ਨੂੰ ਫੁੰਡ ਦਿੱਤਾ ਅਤੇ ਉਥੇ ਧੂੰਏਂ ਦਾ ਗੁਬਾਰ ਦੇਖਣ ਨੂੰ ਮਿਲਿਆ। ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਇਜ਼ਰਾਈਲ ਨੇ ਹਮਾਸ ਖ਼ਿਲਾਫ਼ ਆਪਣੇ ਟੀਚੇ ਪੂਰੇ ਕਰ ਲਏ ਹਨ ਅਤੇ ਹੁਣ ਸਥਾਈ ਰਣਨੀਤਕ ਸਫ਼ਲਤਾ ਹਾਸਲ ਕਰਨ ਦੀ ਲੋੜ ਹੈ। ਉਨ੍ਹਾਂ ਇਜ਼ਰਾਈਲ ਨੂੰ ਅਜਿਹੇ ਸਮਝੌਤੇ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ, ਜਿਸ ਨਾਲ ਗਾਜ਼ਾ ਪੱਟੀ ’ਚ ਜੰਗ ਖ਼ਤਮ ਹੋ ਸਕੇ ਅਤੇ ਹਮਾਸ ਦੇ ਹਮਲੇ ਦੌਰਾਨ ਬੰਧਕ ਬਣਾਏ ਗਏ ਲੋਕਾਂ ਨੂੰ ਰਿਹਾਅ ਕਰਵਾਇਆ ਜਾ ਸਕੇ। ਖ਼ਿੱਤੇ ’ਚ ਜੰਗ ਲੱਗਣ ਮਗਰੋਂ ਬਲਿੰਕਨ ਦਾ ਇਹ 11ਵਾਂ ਦੌਰਾ ਹੈ ਅਤੇ ਉਹ ਹੁਣ ਸਾਊਦੀ ਅਰਬ ਲਈ ਰਵਾਨਾ ਹੋ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਅਸਲ ’ਚ ਹੁਣ ਦੋ ਕੰਮ ਬਾਕੀ ਹਨ। ਪਹਿਲਾ, ਬੰਧਕਾਂ ਨੂੰ ਘਰ ਵਾਪਸ ਲਿਆਉਣਾ ਅਤੇ ਦੂਜਾ, ਜੰਗ ਖ਼ਤਮ ਕਰਨਾ ਹੈ।’’ -ਏਪੀ
ਹਿਜ਼ਬੁੱਲਾ ਦੇ ਸੰਭਾਵਿਤ ਮੁਖੀ ਨੂੰ ਮਾਰ ਮੁਕਾਉਣ ਦਾ ਦਾਅਵਾ
ਬੈਰੂਤ: ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਮਹੀਨੇ ਦੇ ਸ਼ੁਰੂ ’ਚ ਬੈਰੂਤ ’ਚ ਹੋਏ ਹਵਾਈ ਹਮਲੇ ’ਚ ਹਿਜ਼ਬੁੱਲਾ ਦੇ ਆਗੂ ਹਾਸ਼ਿਮ ਸੈਫ਼ੀਦੀਨ ਨੂੰ ਮਾਰ ਦਿੱਤਾ ਹੈ। ਉਸ ਦੇ ਹਿਜ਼ਬੁੱਲਾ ਮੁਖੀ ਹਸਨ ਨਸਰੱਲ੍ਹਾ ਦੀ ਥਾਂ ’ਤੇ ਜਥੇਬੰਦੀ ਦੀ ਜ਼ਿੰਮੇਵਾਰੀ ਸੰਭਾਲਣ ਦੀ ਪੂਰੀ ਸੰਭਾਵਨਾ ਸੀ। ਹਿਜ਼ਬੁੱਲਾ ਵੱਲੋਂ ਸੈਫ਼ੀਦੀਨ ਬਾਰੇ ਫੌਰੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਬੈਰੂਤ ਨੇੜਲੇ ਸ਼ਹਿਰ ’ਚ ਜਿਥੇ ਸੈਫ਼ੀਦੀਨ ਦੀ ਮੌਤ ਹੋਈ ਸੀ, ਉਥੇ ਮੰਗਲਵਾਰ ਨੂੰ ਮੁੜ ਤੋਂ ਹਵਾਈ ਹਮਲੇ ਕੀਤੇ ਗਏ। ਇਜ਼ਰਾਈਲ ਨੇ ਉਸ ਇਮਾਰਤ ਨੂੰ ਨਿਸ਼ਾਨਾ ਬਣਾਇਆ ਜਿਥੇ ਹਿਜ਼ਬੁੱਲਾ ਦਾ ਟਿਕਾਣਾ ਹੋਣ ਦਾ ਦਾਅਵਾ ਕੀਤਾ ਗਿਆ ਹੈ। -ਏਪੀ