ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਕਾਬੂ
ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਸਤੰਬਰ
ਥਾਣਾ ਸਿਵਲ ਲਾਈਨ ਪਟਿਆਲਾ ਦੇ ਐੱਸਐੱਚਓ ਇੰਸਪੈਕਟਰ ਅੰਮ੍ਰਿਤਵੀਰ ਸਿੰਘ ਚਾਹਲ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਮੋਟਰਸਾਈਕਲ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਜਿਥੇ ਚੋਰੀ ਦੇ ਕਈ ਮੋਟਰਸਾਈਕਲ ਬਰਾਮਦ ਕੀਤੇ, ਉਥੇ ਹੀ ਤਿੰਨ ਹਥਿਆਰ ਵੀ ਮਿਲੇ ਹਨ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐੱਸਐੱਸਪੀ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਪਟਿਆਲਾ ਦੇ ਐੱਸਪੀ ਸਿਟੀ ਸਰਫਰਾਜ਼ ਆਲਮ ਤੇ ਏਐੱਸਪੀ ਸਿਟੀ ਵਨ ਵੈਭਬ ਚੌਧਰੀ ਦੀ ਦੇਖ-ਰੇਖ ਹੇਠ ਸਿਵਲ ਲਾਈਨ ਥਾਣੇ ਦੇ ਮੁਖੀ ਇੰਸਪੈਕਟਰ ਅੰਮ੍ਰਿਤਬੀਰ ਚਾਹਲ ਤੇ ਪੁਲੀਸ ਚੌਕੀ ਮਾਡਲ ਟਾਊਨ ਦੇ ਇੰਚਾਰਜ ਰਣਜੀਤ ਸਿੰਘ ਰੀਤੂ ਦੀ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਵਿੱਚ ਸਹਿਲਪ੍ਰੀਤ ਸਿੰਘ ਗਾਂਧੀ ਵਾਸੀ ਸਮਾਣਾ ਅਤੇ ਗੁਰਪਿਆਰ ਸਿੰਘ ਰਵੀ ਵਾਸੀ ਕਾਹਨਗੜ੍ਹ ਭੂਤਨਾ ਥਾਣਾ ਸਦਰ ਸਮਾਣਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਸਥਾਨਕ ਸ਼ਹਿਰ ਵਿਚਲੇ ਬਡੂੰਗਰ ਖੇਤਰ ’ਚੋਂ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ ਤੇ 2 ਰੌਂਦਾਂ ਤੋਂ ਇਲਾਵਾ ਚੋਰੀ ਦਾ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ ਜਿਸ ਨੂੰ ਇਹ ਬਿਨਾਂ ਨੰਬਰ ਤੋਂ ਹੀ ਚਲਾ ਰਹੇ ਸਨ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚੋਰੀ ਦੇ ਮੋਟਰਸਾਈਕਲ ਤੇ ਹੋਰ ਸਾਮਾਨ ਬਰਾਮਦ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ):
ਥਾਣਾ ਸਦਰ ਅਧੀਨ ਪੁਲੀਸ ਚੌਕੀ ਬਲਬੇੜ੍ਹਾ ਦੇ ਇੰਚਾਰਜ ਸੂਬਾ ਸਿੰਘ ਨੇ ਸਮੇਤ ਪੁਲੀਸ ਪਾਰਟੀ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਦੌਰਾਨ ਚੋਰਾਂ ਤੋਂ ਤਿੰਨ ਮੋਟਰਸਾਈਕਲ ਤੇ ਇੱਕ ਕੜਾ ਚਾਂਦੀ ਦਾ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ। ਸੂਬਾ ਸਿੰਘ ਸਿੱਧੂ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਹਿਮਾਂਸ਼ੂ ਵਾਸੀ ਏਕਤਾ ਨਗਰ ਤੇ ਪਰਮਿੰਦਰ ਸਿੰਘ ਵਾਸੀ ਰੱਖੜਾ ਤੋਂ ਚੋਰੀ ਦੇ ਮੋਟਰਸਾਈਕਲ ਫੜੇ ਗਏ ਅਤੇ ਇਕ ਦਿਨ ਦੇ ਰਿਮਾਂਡ ’ਤੇ ਇਨ੍ਹਾਂ ਦੇ ਇੱਕ ਸਾਥੀ ਰਾਜਵੀਰ ਸਿੰਘ ਨੂੰ ਵੀ ਕਾਬੂ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਔਰਤ ਗੁਰਮੀਤ ਕੌਰ, ਗੁਰਲਾਲ ਸਿੰਘ ਵਾਸੀ ਜਾਫਰਪੁਰ ਪਲਾਟ ਤੋਂ ਇੱਕ ਮੋਟਰਸਾਈਕਲ ਅਤੇ ਇੱਕ ਕੜਾ ਚਾਂਦੀ ਬਰਾਮਦ ਕੀਤੇ ਗਏ। ਸੂਬਾ ਸਿੰਘ ਨੇ ਦੱਸਿਆ ਕਿ ਰੀਤੂ, ਅਮਨਦੀਪ ਸਿੰਘ, ਨਸੀਬ ਸਿੰਘ, ਗਗਨਦੀਪ ਸਿੰਘ ਵਾਸੀ ਪਿੰਡ ਸਫੇੜਾ ਅਤੇ ਰੇਸ਼ਮ ਸਿੰਘ ਵਾਸੀ ਪਿੰਡ ਸਾਹਰੋਂ ਤੋਂ ਇੱਕ ਮੋਟਰਸਾਈਕਲ ਅਤੇ ਪੰਜ ਸਰੀਆ ਬਰਾਮਦ ਕੀਤਾ ਗਿਆ ਹੈ।