ਬਲੈਕਮੇਲ ਕਰਕੇ ਪੈਸੇ ਵਸੂਲਣ ਵਾਲੇ ਗਰੋਹ ਦੇ ਦੋ ਮੈਂਬਰ ਕਾਬੂ
ਪੱਤਰ ਪ੍ਰੇਰਕ
ਜਗਰਾਉਂ, 6 ਜੁਲਾਈ
ਪੁਲੀਸ ਥਾਣਾ ਸੀਆਈਏ ਸਟਾਫ ਨੇ ਦੋ ਜੋੜੇ ਪਤੀ-ਪਤਨੀ ਵੱਲੋਂ ਲੋਕਾਂ ਨੂੰ ਬਲੈਕਮੇਲ ਕਰਕੇ ਜਬਰੀ ਵਸੂਲੀ ਲਈ ਚਲਾਏ ਜਾ ਰਹੇ ਗਰੋਹ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਦੋਵਾਂ ਦੀਆਂ ਪਤਨੀਆਂ ਹਾਲੇ ਫਰਾਰ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਨਿਰਮਲ ਸਿੰਘ ਮੋਨੂ ਵਾਸੀ ਕਮਾਲਪੁਰ ਥਾਣਾ ਹਠੂਰ, ਇਕਬਾਲ ਸਿੰਘ ਉਰਫ਼ ਬੰਟੀ ਵਾਸੀ ਮੁੱਲਾਂਪੁਰ (ਦਾਖਾ) ਵਜੋਂ ਦੱਸੀ ਗਈ ਹੈ।
ਡੀਐੱਸਪੀ ਦਲਬੀਰ ਸਿੰਘ ਨੇ ਦੱਸਿਆ ਕਿ ਫੜੇ ਗੲੇ ਦੋਵੇਂ ਮੁਲਜ਼ਮ ਆਪੋ ਆਪਣੀ ਪਤਨੀ ਤੋਂ ਭੋਲੇ ਭਾਲੇ ਲੋਕਾਂ ਨੂੰ ਫੋਨ ਕਰਵਾਉਂਦੇ ਅਤੇ ਫਿਰ ਉਨ੍ਹਾਂ ਨੂੰ ਬਲੈਕਮੇਲ ਕਰਕੇ ਪੈਸੇ ਵਸੂਲਦੇ ਸਨ।
ਡੀਐੱਸਪੀ ਨੇ ਦੱਸਿਆ ਕਿ ਇਸ ਗਰੋਹ ਦੇ ਇੱਕ ਵਿਅਕਤੀ ਨਾਲ ਪਹਿਲਾਂ ਆਪਣੀ ਪਤਨੀ ਨਾਲ ਫੋਨ ’ਤੇ ਗੱਲਾਂ ਕਰਵਾਈਆਂ ਅਤੇ ਫਿਰ ਇਹ ਗੱਲ ਉਸ ਦੀ ਪਤਨੀ ਨੂੰ ਪਤਾ ਲੱਗਣ ਦਾ ਕਹਿ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਇਸ ਜੋੜੇ ਨੇ ਉਕਤ ਵਿਅਕਤੀ ਤੋਂ ਇਸ ਬਦਲੇ 50 ਹਜ਼ਾਰ ਰੁਪਏ ਵਸੂਲੇ ਸਨ। ਇਸ ਮਗਰੋਂ ਬਾਕੀ 70 ਹਜ਼ਾਰ ਰੁਪਏ ਹੋਰ ਦੇਣ ਤੋਂ ਪਹਿਲਾਂ ਉਸ ਨੇ ਥਾਣਾ ਸੀਆਈਏ ’ਚ ਇੰਸਪੈਕਟਰ ਹੀਰਾ ਸਿੰਘ ਨਾਲ ਸੰਪਰਕ ਕੀਤਾ ਜਿਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਗਰੋਹ ਦੇ ਸਰਗਨਾ ਨਿਰਮਲ ਸਿੰਘ ਅਤੇ ਇਕਬਾਲ ਸਿੰਘ ਉਰਫ਼ ਬੰਟੀ ਨੂੰ ਹਿਰਾਸਤ ’ਚ ਲੈ ਲਿਆ ਹੈ। ਜਦਕਿ ਨਿਰਮਲ ਸਿੰਘ ਦੀ ਪਤਨੀ ਮਨਜੀਤ ਕੌਰ ਅਤੇ ਇਕਬਾਲ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਦੋਵੇਂ ਗ੍ਰਿਫ਼ਤ ਤੋਂ ਬਾਹਰ ਹਨ। ਫੜੇ ਗੲੇ ਮੁਲਜ਼ਮਾਂ ਕੋਲੋਂ 15 ਹਜ਼ਾਰ ਰੁਪਏ ਵੀ ਬਰਾਮਦ ਵੀ ਹੋਏ ਹਨ। ਮੁਲਜ਼ਮਾਂ ਖ਼ਿਲਾਫ਼ ਇਸ ਕੇਸ ਤੋਂ ਇਲਾਵਾ ਤਿੰਨ ਹੋਰ ਕੇਸ ਵੀ ਦਰਜ ਹਨ।