ਮੰਨੂ ਘਨਸ਼ਾਮਪੁਰੀਆ ਗਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਨਵੰਬਰ
ਪੁਲੀਸ ਦੇ ਕਾਊਂਟਰ ਇੰਟੈਲੀਜੈਂਸ (ਸੀਆਈ) ਵਿੰਗ ਨੇ ਪੁਰਤਗਾਲ ਆਧਾਰਿਤ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮੰਨੂ ਘਨਸ਼ਾਮਪੁਰੀਆ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 4 ਪਿਸਤੌਲਾਂ, ਪੰਜ ਮੈਗਜ਼ੀਨਾਂ ਅਤੇ 14 ਰੌਂਦ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਆਦਿੱਤਿਆ ਕਪੂਰ ਉਰਫ ਮੱਖਣ ਵਾਸੀ ਲਾਹੌਰੀ ਗੇਟ ਅੰਮ੍ਰਿਤਸਰ ਅਤੇ ਰਾਵਿੰਦਰ ਸਿੰਘ ਵਾਸੀ ਪਿੰਡ ਅਕਾਰਪੁਰਾ, ਗੁਰਦਾਸਪੁਰ ਵਜੋਂ ਹੋਈ ਹੈ।
ਪੁਲੀਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਚਾਰ ਪਿਸਤੌਲਾਂ ਬਰਾਮਦ ਕੀਤੀਆਂ ਹਨ ਜਿਨ੍ਹਾਂ ਵਿੱਚ 9 ਐੱਮਐੱਮ ਗਲਾਕ ਪਿਸਤੌਲ, ਦੋ ਵਿਦੇਸ਼ੀ .30 ਬੋਰ ਪਿਸਤੌਲ ਅਤੇ ਇੱਕ .32 ਬੋਰ ਪਿਸਤੌਲ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜ ਮੈਗਜ਼ੀਨ ਅਤੇ 14 ਰੌਂਦ ਵੀ ਬਰਾਮਦ ਕੀਤੇ ਗਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਦੇ ਅਮਰੀਕਾ ਆਧਾਰਿਤ ਗੈਂਗਸਟਰ ਬਲਵਿੰਦਰ ਸਿੰਘ ਉਰਫ ਡੋਨੀ ਬੱਲ ਅਤੇ ਪ੍ਰਭਦੀਪ ਸਿੰਘ ਉਰਫ਼ ਪ੍ਰਭ ਦਾਸੂਵਾਲ ਨਾਲ ਸਬੰਧ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਇਨ੍ਹਾਂ ਨੂੰ ਅੰਮ੍ਰਿਤਸਰ ਨੇੜੇ ਮਹਿਤਾ ਰੋਡ ’ਤੇ ਨਾਕੇ ਦੌਰਾਨ ਕਾਬੂ ਕੀਤਾ ਗਿਆ। ਇਹ ਗਰੋਹ ਜੱਗੂ ਭਗਵਾਨਪੁਰੀਆ ਦਾ ਵਿਰੋਧੀ ਗਰੋਹ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਹਥਿਆਰਾਂ ਦੀ ਖੇਪ ਡੋਨੀ ਬੱਲ ਅਤੇ ਮੰਨੂ ਘਨਸ਼ਾਮਪੁਰੀਆ ਵੱਲੋਂ ਦਿੱਤੀ ਗਈ ਸੀ ਅਤੇ ਉਹ ਇਨ੍ਹਾਂ ਦੇ ਨਿਰਦੇਸ਼ਾਂ ’ਤੇ ਸੂਬੇ ਵਿੱਚ ਕਈ ਅਪਰਾਧਾਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ। ਇਸ ਮਾਮਲੇ ਵਿੱਚ ਪੁਲੀਸ ਵਲੋਂ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (ਐਸਐਸਓਸੀ) ਦੇ ਅੰਮ੍ਰਿਤਸਰ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ।