ਸਿੱਖ ਕਾਰਕੁਨ ਦੀ ਹੱਤਿਆ ਲਈ ਕੈਨੇਡਾ ਅਧਾਰਿਤ ਗੈਂਗਸਟਰ ਅਰਸ਼ ਡੱਲਾ ਗਰੋਹ ਦੇ ਦੋ ਮੈਂਬਰ ਖਰੜ ਤੋਂ ਗ੍ਰਿਫ਼ਤਾਰ
ਚੰਡੀਗੜ੍ਹ, 10 ਨਵੰਬਰ
ਪੰਜਾਬ ਪੁਲੀਸ ਨੇ ਪਿਛਲੇ ਮਹੀਨੇ ਇਕ ਸਿੱਖ ਕਾਰਕੁਨ ਦੀ ਕਥਿਤ ਹੱਤਿਆ ਵਿਚ ਸ਼ਾਮਲ ਕੈਨੇਡਾ ਅਧਾਰਿਤ ਗੈਂਗਸਟਰ ਤੋਂ ਦਹਿਸ਼ਤਗਰਦ ਬਣੇ ਅਰਸ਼ ਡੱਲਾ ਗਰੋਹ ਦੇ ਦੋ ਮੈਂਬਰਾਂ ਨੂੰ ਖਰੜ ਤੋਂ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮੁਲਜ਼ਮ ਮੱਧ ਪ੍ਰਦੇਸ਼ ਵਿਚ ਇਕ ਹੋਰ ਵਿਅਕਤੀ ਦੀ ਹੱਤਿਆ ਵਿਚ ਵੀ ਸ਼ਾਮਲ ਸਨ। ਡੀਜੀਪੀ ਨੇ ਕਿਹਾ ਕਿ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ, ਐਂਟੀ-ਗੈਂਗਸਟਰ ਟਾਸਕ ਫੋਰਸ ਤੇ ਫ਼ਰੀਦਕੋਟ ਪੁਲੀਸ ਦੇ ਸਾਂਝੇ ਅਪਰੇਸ਼ਨ ਦੌਰਾਨ ਇਹ ਗ੍ਰਿਫ਼ਤਾਰੀ ਹੋਈ ਹੈ।
ਯਾਦਵ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਇਕ ਵੱਡੀ ਕਾਰਵਾਈ ਵਿਚ ਐੱਸਐੱਸਓਸੀ ਮੁਹਾਲੀ ਨੇ ਏਜੀਟੀਐੱਫ ਤੇ ਫ਼ਰੀਦਕੋਟ ਪੁਲੀਸ ਨਾਲ ਮਿਲ ਕੇ ਕੀਤੇ ਅਪਰੇਸ਼ਨ ਦੌਰਾਨ ਗੁਰਪ੍ਰੀਤ ਸਿੰਘ ਹਰੀ ਨੌਂ ਦੇ ਕਤਲ ਵਿਚ ਸ਼ਾਮਲ ਕੈਨੇਡਾ ਅਧਾਰਿਤ ਅਰਸ਼ ਡੱਲਾ ਗਰੋਹ ਦੇ ਦੋ ਅਹਿਮ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।’’ ਮੁਲਜ਼ਮਾਂ ਕੋਲੋਂ ਦੋ ਹਥਿਆਰ ਵੀ ਬਰਾਮਦ ਹੋਏ ਹਨ। ਸਿੱਖ ਕਾਰਕੁਨ ਗੁਰਪ੍ਰੀਤ ਸਿੰਘ ਹਰੀ ਨੌਂ ਦੀ 9 ਅਕਤੂਬਰ ਨੂੰ ਉਸ ਵੇਲੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਆਪਣੇ ਮੋਟਰਸਾਈਕਲ ਉੱਤੇ ਪਿੰਡ ਦੇ ਗੁਰਦੁਆਰੇ ਤੋਂ ਘਰ ਵਾਪਸ ਜਾ ਰਿਹਾ ਸੀ। ਪੁਲੀਸ ਨੇ ਜਾਂਚ ਦੌਰਾਨ ਦਾਅਵਾ ਕੀਤਾ ਸੀ ਕਿ ਇਸ ਕਤਲ ਪਿੱਛੇ ਗੈਂਗਸਟਰ ਤੋਂ ਦਹਿਸ਼ਤਗਰਦ ਬਣੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਦਾ ਹੱਥ ਹੈ। ਪੁਲੀਸ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਹਰੀ ਨੌਂ ਨੂੰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਕੌਮੀ ਸੁਰੱਖਿਆ ਐਕਟ ਤਹਿਤ ਬੰਦ ਅੰਮ੍ਰਿਤਪਾਲ ਸਿੰਘ ਦੇ ਇਸ਼ਾਰੇ ’ਤੇ ਕਤਲ ਕੀਤਾ ਗਿਆ ਸੀ। ਡੀਜੀਪੀ ਯਾਦਵ ਨੇ ਕਿਹਾ, ‘‘ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਅਰਸ਼ ਡੱਲਾ ਦੀਆਂ ਹਦਾਇਤਾਂ ਉੱਤੇ ਲੰਘੀ 7 ਨਵੰਬਰ ਨੂੰ ਗਵਾਲੀਅਰ(ਮੱਧ ਪ੍ਰਦੇਸ਼) ਵਿਚ ਜਸਵੰਤ ਸਿੰਘ ਗਿੱਲ ਦੀ ਵੀ ਹੱਤਿਆ ਕੀਤੀ ਸੀ। ਵਾਰਦਾਤ ਮਗਰੋਂ ਦੋਵੇਂ ਮੁਲਜ਼ਮ ਪੰਜਾਬ ਪਰਤ ਆਏ ਸਨ ਤੇ ਖਰੜ ਨੇੜੇ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।’’ -ਪੀਟੀਆਈ