ਬੰਬੀਹਾ ਗੈਂਗ ਦੇ ਦੋ ਮੈਂਬਰ ਅਸਲੇ ਸਣੇ ਗ੍ਰਿਫ਼ਤਾਰ
ਦਰਸ਼ਨ ਸਿੰਘ ਸੋਢੀ/ਹਰਜੀਤ ਸਿੰਘ
ਐੱਸਏਐੱਸ ਨਗਰ (ਮੁਹਾਲੀ), 27 ਨਵੰਬਰ
ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਮੁਹਾਲੀ ਪੁਲੀਸ ਨਾਲ ਸਾਂਝੇ ਅਪਰੇਸ਼ਨ ਦੌਰਾਨ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਮੈਂਬਰਾਂ ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ .32 ਬੋਰ ਦੀਆਂ ਦੋ ਪਿਸਤੌਲਾਂ ਸਮੇਤ ਸੱਤ ਰੌਂਦ ਬਰਾਮਦ ਕੀਤੇ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਰਿੰਦਰ ਸਿੰਘ ਵਾਸੀ ਪਿੰਡ ਮਹਿਮਦਪੁਰ ਅਤੇ ਅਤੇ ਗੁਰਜਿੰਦਰ ਸਿੰਘ ਵਾਸੀ ਵਰਾਣਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਮਰੀਕਾ ਆਧਾਰਿਤ ਕੁਲਵੀਰ ਸਿੰਘ ਉਰਫ਼ ਲਾਲਾ ਬੈਨੀਪਾਲ, ਜੋ ਵਿਦੇਸ਼ੀ ਮੂਲ ਦੇ ਗੈਂਗਸਟਰ ਲੱਕੀ ਪਟਿਆਲ ਦਾ ਇੱਕ ਸਾਥੀ ਹੈ, ਦੇ ਇਸ਼ਾਰੇ ’ਤੇ ਕੰਮ ਕਰ ਰਹੇ ਸਨ। ਇਨ੍ਹਾਂ ਨੂੰ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਨੂੰ ਟਰਾਈਸਿਟੀ ਖੇਤਰ ਵਿੱਚ ਵੱਖ-ਵੱਖ ਅਪਰਾਧਾਂ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਮੁਲਜ਼ਮਾਂ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਏਜੀਟੀਐੱਫ ਅਤੇ ਜ਼ਿਲ੍ਹਾ ਪੁਲੀਸ ਦੀਆਂ ਟੀਮਾਂ ਨੂੰ ਸੂਚਨਾ ਮਿਲੀ ਸੀ ਕਿ ਲਾਲਾ ਬੈਨੀਪਾਲ ਨੇ ਆਪਣੇ ਗਰੋਹ ਦੇ ਮੈਂਬਰਾਂ ਨੂੰ ਟਰਾਈਸਿਟੀ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਕਾਰਵਾਈ ਕਰਦਿਆਂ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀਆਂ ਏਜੀਟੀਐੱਫ਼ ਅਤੇ ਮੁਹਾਲੀ ਪੁਲੀਸ ਦੀਆਂ ਸਾਂਝੀਆਂ ਟੀਮਾਂ ਵੱਲੋਂ ਮੁਲਜ਼ਮਾਂ ਨੂੰ ਟਰੇਸ ਕਰ ਕੇ ਫੋਕਲ ਪੁਆਇੰਟ, ਮੁਬਾਰਕਪੁਰ ਦੇ ਨੇੜਿਉਂ ਗ੍ਰਿਫ਼ਤਾਰ ਕੀਤਾ ਗਿਆ।