ਫਾਇਨਾਂਸ ਕੰਪਨੀ ਦੇ ਕਰਿੰਦੇ ਤੋਂ ਦੋ ਲੱਖ ਲੁੱਟੇ
ਪੱਤਰ ਪ੍ਰੇਰਕ
ਸ਼ਾਹਕੋਟ, 28 ਅਗਸਤ
ਫਾਇਨਾਂਸ ਕੰਪਨੀ ਦੇ ਕਰਿੰਦੇ ਕੋਲੋਂ 2 ਮੋਟਰਸਾਈਕਲ ਸਵਾਰ ਲੁਟੇਰੇ ਦੋ ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਜਦੋਂਕਿ ਦੂਜੀ ਘਟਨਾ ਵਿੱਚ ਇੱਕ ਬਜ਼ੁਰਗ ਜੋੜੇ ਵੱਲੋਂ ਬੈਂਕ ’ਚੋਂ ਕਢਵਾਏ 40,000 ਰੁਪਏ ਚੋਰੀ ਹੋ ਗਏ। ਸੁਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਨੂਰਪੁਰ ਚੱਠਾ ਨੇ ਦੱਸਿਆ ਕਿ ਉਹ ਐੱਸ ਸਿੰਘ ਫਾਇਨਾਂਸ ਕੰਪਨੀ ਨਕੋਦਰ ਵਿੱਚ ਕੰਮ ਕਰਦਾ ਹੈ। ਜਦੋਂ ਉਹ ਕਿਸ਼ਤਾਂ ਦੀ ਉਗਰਾਹੀ ਕਰ ਕੇ ਨਕੋਦਰ ਨੂੰ ਜਾ ਰਿਹਾ ਸੀ ਤਾਂ ਪਿੰਡ ਮੂਸੇਵਾਲ ਦੇ ਨਜ਼ਦੀਕ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਲੁਟੇਰਿਆਂ ਨੇ ਉਸਨੂੰ ਘੇਰ ਕੇ ਉਸਦੀ ਕੁੱਟਮਾਰ ਕਰਕੇ ਉਸ ਕੋਲੋਂ ਦੋ ਲੱਖ ਰੁਪਏ, ਮੋਬਾਈਲ ਅਤੇ ਮੋਟਰਸਾਈਕਲ ਦੀ ਚਾਬੀ ਖੋਹ ਲਈ ਤੇ ਮਲਸੀਆਂ ਵੱਲ ਫ਼ਰਾਰ ਹੋ ਗਏ। ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ। ਦੂਜੀ ਘਟਨਾ ਵਿੱਚ ਚੋਰਾਂ ਨੇ ਬਜੁਰਗ ਜੋੜੇ ਦੇ 40,000 ਰੁਪਏ ਚੋਰੀ ਕਰ ਲਏ। ਜਸਬੀਰ ਕੌਰ ਪਤਨੀ ਮੱਘਰ ਸਿੰਘ ਵਾਸੀ ਆਦਰਾਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਨੈਸ਼ਨਲ ਬੈਂਕ ਮਹਿਤਪੁਰ ’ਚੋਂ 40,000 ਰੁਪਏ ਕਢਵਾ ਕੇ ਝੋਲੇ ਵਿੱਚ ਪਾ ਲਏ। ਉਸ ਸਮੇਂ ਬੈਂਕ ਵਿੱਚ ਬਹੁਤ ਜ਼ਿਆਦਾ ਭੀੜ ਸੀ। ਜਦੋਂ ਉਹ ਬੈਂਕ ਵਿੱਚੋਂ ਬਾਹਰ ਆਏ ਤਾਂ ਦੇਖਿਆ ਕਿ ਕਿਸੇ ਵਿਅਕਤੀ ਨੇ ਉਨ੍ਹਾਂ ਦੇ ਝੋਲੇ ਵਿੱਚ ਸੁਰਾਖ ਕਰ ਕੇ ਉਸ ਵਿੱਚੋਂ ਰਾਸ਼ੀ ਚੋਰੀ ਕਰ ਲਈ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ।