ਦੋ ਕਿਲੋ ਹੈਰੋਇਨ ਤੇ ਡੇਢ ਕਿਲੋ ਤੋਂ ਵੱਧ ਅਫੀਮ ਬਰਾਮਦ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ , 27 ਦਸੰਬਰ
ਜ਼ਿਲ੍ਹਾ ਦਿਹਾਤੀ ਪੁਲੀਸ ਨੇ ਦੋ ਵੱਖ-ਵੱਖ ਘਟਨਾਵਾਂ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 2 ਕਿਲੋ ਹੈਰੋਇਨ, ਇਕ ਕਿੱਲੋ 650 ਗ੍ਰਾਮ ਅਫੀਮ, ਡਰੱਗ ਮਨੀ ਤੇ ਵਾਹਨ ਜ਼ਬਤ ਕੀਤੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਮਨ ਸਿੰਘ ਵਾਸੀ ਬਾਬਾ ਬਕਾਲਾ ਵਜੋਂ ਹੋਈ ਹੈ, ਜਿਸ ਕੋਲੋਂ ਦੋ ਕਿੱਲੋ ਹੈਰੋਇਨ ਅਤੇ ਇਕ ਲੱਖ 40 ਹਜ਼ਾਰ ਦੀ ਡਰੱਗ ਮਨੀ ਬਰਾਮਦ ਹੋਈ ਹੈ। ਉਸ ਕੋਲੋਂ ਇੱਕ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਰਮਨ ਅਤੇ ਉਸਦੇ ਫਰਾਰ ਹੋਏ ਸਾਥੀ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਵਾਸੀ ਬਾਬਾ ਬਕਾਲਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਕਾਰਵਾਈ ਅਜਨਾਲਾ ਪੁਲੀਸ ਨੇ ਅੱਡਾ ਮਹਿਲ ਬੁਖਾਰੀ ਵਿੱਚ ਲਗਾਏ ਗਏ ਨਾਕੇ ਦੌਰਾਨ ਕੀਤੀ ਹੈ। ਦੂਜੀ ਘਟਨਾ ਤਹਿਤ ਥਾਣਾ ਮਹਿਤਾ ਦੀ ਪੁਲੀਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਇੱਕ ਕਿਲੋ 650 ਗ੍ਰਾਮ ਅਫੀਮ ਅਤੇ ਇੱਕ ਗੱਡੀ ਬਰਾਮਦ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਵਿਅਕਤੀ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਰਿੰਕੂ ਵਾਸੀ ਪਿੰਡ ਮੀਰਪੁਰ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ। ਇਸ ਸੰਬਧੀ ਕੇਸ ਦਰਜ ਕੀਤਾ ਗਿਆ ਹੈ।