ਹਾਦਸਿਆਂ ਵਿੱਚ ਦੋ ਹਲਾਕ, ਦੋ ਜ਼ਖ਼ਮੀ
ਪੱਤਰ ਪ੍ਰੇਰਕ
ਟੋਹਾਣਾ, 25 ਜੁਲਾਈ
ਇੱਥੇ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿੱਚ ਇਕ ਪਰਵਾਸੀ ਮਜ਼ੂਦਰ ਦੀ ਮੌਤ ਹੋ ਗਈ। ਜਦੋਂ ਕਿ ਦੋ ਜਣੇ ਗੰਭੀਰ ਜ਼ਖਮੀ ਹੋ ਗਏ।
ਮ੍ਰਿਤਕ ਦੀ ਪਛਾਣ ਦਿਲਖੁਸ਼ ਮੰਡਲ (20) ਵਜੋਂ ਹੋਈ ਹੈ, ਜੋ ਕਿ ਕੇਲਿਆਂ ਦੇ ਗੋਦਾਮ ਵਿੱਚ ਨੌਕਰੀ ਕਰਦਾ ਸੀ ਤੇ ਉਹ ਦੇਰ ਰਾਤ ਨਹਿਰ ’ਤੇ ਨਹਾਉਣ ਗਿਆ ਸੀ। ਜਾਣਕਾਰੀ ਅਨੁਸਾਰ ਹਾਦਸੇ ਵਿੱਚ ਜ਼ਖ਼ਮੀ ਹੋਏ ਦਿਲਖੁਸ਼, ਹਰਦੀਪ ਸਿੰਘ (30) ਭੁੂਨਾ ਤੇ ਦੀਪਕ (19) ਨੂੰ ਭੁੂਨਾ ਦੇ ਹਸਪਤਾਲ ਭਰਤੀ ਕਰਵਾਇਆ ਗਿਆ। ਇੱਥੇ ਦਿਲਖੁਸ਼ ਦੀ ਮੌਤ ਹੋਣ ਮਗਰੋਂ ਦੂਜਿਆਂ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਅਗਰੋਹਾ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ। ਭੁੂਨਾ ਪੁਲੀਸ ਨੇ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਪਿੰਡ ਰਮਾਇਣ ਦੀ ਸੜਕ ਉਤੇ ਸਕੁੂਲ ਬੱਸ ਵਿੱਚ ਟਕਰਾਉਣ ਕਾਰਨ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨਿਲ (38) ਵਾਸੀ ਪਿੰਡ ਮੁਜਾਦਪੁਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਖੜ੍ਹੀ ਬੱਸ ਕੋਲੋਂ ਟਰੈਕਟਰ-ਟਰਾਲੀ ਅੱਗੇ ਲੰਘਣ ’ਤੇ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਖੜ੍ਹੀ ਬੱਸ ਵਿੱਚ ਟਕਰਾ ਗਿਆ। ਬੱਸ ਨਾਲ ਟਕਰਾਉਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਕੇਸ ਦਰਜ ਕਰ ਲਿਆ ਹੈ।



