ਸੜਕ ਹਾਦਸਿਆਂ ਵਿੱਚ ਦੋ ਹਲਾਕ, ਇਕ ਜ਼ਖ਼ਮੀ
ਹਰਮੇਸ਼ ਪਾਲ ਨੀਲੇਵਾਲਾ
ਜ਼ੀਰਾ, 5 ਜੂਨ
ਇੱਥੋਂ ਦੇ ਨਜ਼ਦੀਕੀ ਪਿੰਡ ਲਹਿਰਾ ਤੋਂ ਪਿੰਡ ਕੱਸੋਆਣਾ ਨੂੰ ਜਾਂਦੇ ਰਾਹ ‘ਤੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ ਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ। ਸਿਵਲ ਹਸਪਤਾਲ ਜ਼ੀਰਾ ਵਿੱਚ ਪਿੰਡ ਕੱਸੋਆਣਾ ਦੇ ਸਾਬਕਾ ਸਰਪੰਚ ਹਰਦੇਵ ਸਿੰਘ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਵਜੀਰ ਸਿੰਘ ਨੇ ਦੱਸਿਆ ਕਿ ਨੇਚਰਪ੍ਰੀਤ ਸਿੰਘ (22) ਪੁੱਤਰ ਮੁਖਤਿਆਰ ਸਿੰਘ ਵਾਸੀ ਕੱਸੋਆਣਾ, ਆਪਣੇ ਮਾਮੇ ਦੇ ਮੁੰਡੇ ਜਪਨੂਰ ਸਿੰਘ (13) ਪੁੱਤਰ ਦਿਲਬਾਗ ਸਿੰਘ ਵਾਸੀ ਜ਼ੀਰਾ ਨਾਲ ਮੋਟਰਸਾਈਕਲ ‘ਤੇ ਜ਼ੀਰਾ ਤੋਂ ਪਿੰਡ ਕੱਸੋਆਣਾ ਵਾਪਸ ਜਾ ਰਿਹਾ ਸੀ ਤਾਂ ਪਿੰਡ ਲਹਿਰਾ ਅਤੇ ਕੱਸੋਆਣਾ ਦੇ ਚੌਰਸਤੇ ‘ਤੇ ਪਿੰਡ ਵਕੀਲਾਂ ਵਾਲਾ ਵੱਲੋਂ ਆ ਰਹੀ ਇਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਨੇਚਰਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸ ਦਾ ਭਾਣਜਾ ਜਪਨੂਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਸਿਟੀ ਜ਼ੀਰਾ ਪੁਲੀਸ ਵੱਲੋਂ ਕਾਰ ਚਾਲਕ ਦੀ ਭਾਲ ਜਾਰੀ ਹੈ।
ਅਬੋਹਰ (ਸੁੰਦਰ ਨਾਥ ਆਰੀਆ): ਪਿੰਡ ਬੱਲੂਆਣਾ ਨੇੜੇ ਦੇਰ ਰਾਤ ਮਿੱਟੀ ਨਾਲ ਭਰੇ ਟਿੱਪਰ ਨਾਲ ਟਕਰਾਉਣ ਕਾਰਨ ਸਕਾਰਪੀਓ ਗੱਡੀ ਵਿੱਚ ਸਵਾਰ ਦੀ ਵਿਅਕਤੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਆਲੇ-ਦੁਆਲੇ ਦੇ ਲੋਕਾਂ ਨੇ ਸਕਾਰਪੀਓ ਚਾਲਕ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਪਰ ਜਦੋਂ ਤੱਕ ਉਸ ਨੂੰ ਬਾਹਰ ਕੱਢਿਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸਦਰ ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਵਿੱਚ ਰਖਵਾਇਆ ਹੈ। ਮ੍ਰਿਤਕ ਦੀ ਪਛਾਣ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਰਕੰਦੀ ਵਾਸੀ ਗੁਰਸਾਹਿਬ ਸਿੰਘ (28) ਪੁੱਤਰ ਭੁਪਿੰਦਰ ਸਿੰਘ ਵਜੋਂ ਹੋਈ ਹੈ, ਜੋ ਪਿੰਡ ਪਟੀ ਸਦੀਕ ਵਿਖੇ ਆਪਣੇ ਇੱਕ ਦੋਸਤ ਨੂੰ ਮਿਲ ਕੇ ਅਬੋਹਰ ਤੋਂ ਮਲੋਟ ਵੱਲ ਜਾ ਰਿਹਾ ਸੀ।