ਸਮਾਣਾ ਵਿੱਚ ਕਰੋਨਾ ਨਾਲ ਮਹਿਲਾ ਸਣੇ ਦੋ ਮੌਤਾਂ
ਸੁਭਾਸ਼ ਚੰਦਰ
ਸਮਾਣਾ, 22 ਅਗਸਤ
ਸੀਨੀਅਰ ਮੈਡੀਕਲ ਅਫਸਰ ਡਾ. ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਲਏ 5488 ਸੈਂਪਲਾ ’ਚੋਂ 11 ਨਵੇਂ ਕਰੋਨਾ ਪਾਜ਼ੇਟਿਵ ਦੇ ਮਾਮਲੇ ਆਉਣ ਦੇ ਨਾਲ-ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 339 ਹੋ ਗਈ ਹੈ ਜਿਨ੍ਹਾਂ ’ਚੋਂ 223 ਲੋਕ ਸਿਹਤਯਾਬ ਹੋ ਕੇ ਘਰਾਂ ਨੂੰ ਚਲੇ ਗਏ ਹਨ ਤੇ 92 ਲੋਕਾਂ ਨੂੰ ਘਰਾਂ ’ਚ ਹੀ ਇਕਾਂਤਵਾਸ ਕੀਤਾ ਹੈ। 16 ਲੋਕਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿਚੋਂ ਮਹਿਲਾ ਸਮੇਤ ਦੋ ਲੋਕਾਂ ਦੀ ਅੱਜ ਕਰੋਨਾ ਨਾਲ ਮੌਤ ਹੋ ਗਈ ਜਿਨ੍ਹਾਂ ਦਾ ਪਿਛਲੇ ਕਈ ਦਨਿਾਂ ਤੋਂ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਇਲਾਜ ਚੱਲ ਰਿਹਾ ਸੀ। ਕੁੱਲ ਅੱਠ ਮੌਤਾਂ ਹੋ ਚੁੱਕੀਆ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਵੜੈਚ ਕਲੋੋਨੀ ਤੇ ਕਾਨੂੰਗੋ ਮੁਹੱਲ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ ਹੈ।
ਪਟਿਆਲਾ ਵਿੱਚ 10 ਮੌਤਾਂ; 168 ਹੋਰ ਪਾਜ਼ੇਟਿਵ ਮਰੀਜ਼
ਪਟਿਆਲਾ (ਸਰਬਜੀਤ ਸਿੰਘ ਭੰਗੂ) ਪਟਿਆਲਾ ਜ਼ਿਲ੍ਹੇ ਵਿਚ ਅੱਜ ਕਰੋਨਾ ਕਾਰਨ ਅੱਜ ਦਸ ਹੋਰ ਜਾਨਾਂ ਚਲੀਆਂ ਗਈਆਂ। ਜਿਨ੍ਹਾਂ ਵਿਚੋਂ ਚਾਰ ਮਹਿਲਾਵਾਂ ਹਨ। ਜ਼ਿਲ੍ਹੇ ’ਚ ਕਰੋਨਾ ਨਾਲ ਕੁੱਲ 113 ਮੌਤਾਂ ਹੋ ਗਈਆਂ ਹਨ। ਮ੍ਰਿਤਕਾਂ ਵਿੱਚ ਪਟਿਆਲਾ ਦੇ ਚਾਰ ਹਨ। ਮੂਲ ਚੰਦ ਸਟਰੀਟ ਦੀ 60 ਸਾਲਾ ਔਰਤ, ਪ੍ਰੋਫੈਸਰ ਕਲੋਨੀ ਦੀ 58 ਸਾਲਾ ਮਹਿਲਾ ਸਮੇਤ ਆਜ਼ਾਦ ਨਗਰ ਦਾ 52 ਸਾਲਾ ਤੇ ਦਸ਼ਮੇਸ਼ ਨਗਰ ਦਾ 38 ਸਾਲਾ ਵਿਅਕਤੀ ਸ਼ਾਮਲ ਹੈ। ਰਾਜੁਪਰਾ ਦੇ ਸ਼ਾਮ ਨਗਰ ਦਾ 70 ਸਾਲਾ, ਲਬਿਰਟੀ ਚੌਕ ਰਾਜਪੁਰਾ ਦਾ 49 ਸਾਲਾ, ਜੈਨ ਮੁਹੱਲਾ ਸਮਾਣਾ ਦੀ 65 ਸਾਲਾ ਔਰਤ, ਸਿਟੀ ਕਲੋਨੀ ਸਮਾਣਾ ਦਾ 42 ਸਾਲਾ, ਸਨੌਰ ਦੀ ਰਹਿਣ ਵਾਲੀ 56 ਸਾਲਾ ਔਰਤ ਅਤੇ ਮਦਨਪੁਰ ਦਾ ਰਹਿਣ ਵਾਲਾ 58 ਸਾਲਾ ਵਿਅਕਤੀ ਸ਼ਾਮਲ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ 164 ਹੋਰ ਵਿਅਕਤੀ ਪਾਜ਼ੇਟਿਵ ਪਾਏ ਗਏ ਤੇ ਪਾਜ਼ੇਟਿਵ ਕੇਸਾਂ ਦੀ ਗਿਣਤੀ 4713 ਹੋ ਗਈ ਹੈ। ਜਿਨ੍ਹਾਂ ’ਚੋਂ 82 ਪਟਿਆਲਾ ਸ਼ਹਿਰ, 32 ਰਾਜਪੁਰਾ, 10 ਸਮਾਣਾ, 5 ਸਨੌਰ, 8 ਪਾਤੜਾਂ, 1 ਨਾਭਾ ਤੇ 30 ਪਿੰਡਾਂ ਤੋਂ ਹਨ।
ਪਾਤੜਾਂ ਦੇ ਤਿੰਨ ਵਾਰਡਾਂ ਵਿੱਚ ਅੱਠ ਕਰੋਨਾ ਪਾਜ਼ੇਟਿਵ ਮੁਹੱਲਾ ਸੀਲ
ਪਾਤੜਾਂ (ਪੱਤਰ ਪ੍ਰੇਰਕ) ਸ਼ਹਿਰ ਦੇ ਤਿੰਨ ਵਾਰਡਾਂ ਵਿੱਚ ਅੱਠ ਕਰੋਨਾ ਪਾਜ਼ੇਟਿਵ ਮਰੀਜ਼ ਪਾਏ ਜਾਣ ਉਤੇ ਸ਼ਹਿਰ ਦਾ ਇਕ ਮਹੱਲਾ ਸੀਲ ਕੀਤਾ ਗਿਆ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਸਾਰੇ ਵਿਅਕਤੀਆਂ ਨੂੰ ਘਰ ਵਿੱਚ ਆਈਸੋਲੇਟ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਢਲਾ ਸਿਹਤ ਕੇਂਦਰ ਪਾਤੜਾਂ ਦੇ ਐੱਸਐੱਮਓ ਰਾਜੇਸ਼ ਕੁਮਾਰ ਨੇ ਦੱਸਿਆ ਕਿ ਹੈ ਕਿ ਵਾਰਡ 11 ਵਿੱਚੋਂ ਛੇ ਵਿਅਕਤੀ ਪਾਜ਼ੇਟਿਵ ਪਾਏ ਜਾਣ ਉਤੇ ਮੁਹੱਲਾ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਹੈ ਕਿ ਵਾਰਡ 10 ਤੇ 6 ’ਚੋਂ ਇੱਕ-ਇੱਕ ਵਿਅਕਤੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਨ੍ਹਾਂ ਵਿਅਕਤੀਆਂ ਵਿੱਚੋਂ ਪੰਜ ਵਿਅਕਤੀ ਕਰੋਨਾ ਪਾਜ਼ੇਟਿਵਾਂ ਦੇ ਸੰਪਰਕ ਵਿੱਚ ਆਏ ਸਨ।
ਹਸਪਤਾਲਾਂ ਤੇ ਟੈਸਟ ਸੈਂਟਰਾਂ ਸਬੰਧੀ ਜਾਣਕਾਰੀ ਹੁਣ ਕੋਵਾ ਐਪ ’ਤੇ
ਪਟਿਆਲਾ: (ਖੇਤਰੀ ਪ੍ਰਤੀਨਿਧ) ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਹੁਣ ਜ਼ਿਲ੍ਹੇ ’ਚ ਬੈਡਾਂ ਦੀ ਸਮਰੱਥਾ, ਕੋਵਿਡ ਦੇ ਇਲਾਜ ਵਾਲੇ ਹਸਪਤਾਲਾਂ ਤੇ ਟੈਸਟ ਸੈਂਟਰਾਂ ਸਬੰਧੀ ਜਾਣਕਾਰੀ ਕੋਵਾ ਐਪ ’ਤੇ ਉਪਲਬਧ ਕਰਵਾ ਦਿੱਤੀ ਗਈ ਹੈ। ਕੋਵਿਡ ਤੋਂ ਠੀਕ ਹੋਏ ਵਿਅਕਤੀ ਪਲਾਜ਼ਮਾ ਦਾਨ ਕਰਨ ਲਈ ਵੀ ਆਪਣੀ ਰਜਿਸਟਰੇਸ਼ਨ ਸਰਕਾਰ ਵੱਲੋਂ ਵਿਕਸਤ ਕੀਤੀ ਗਈ ਇਸ ਐਪ ’ਤੇ ਕਰਵਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਐਪ ’ਤੇ ਬੈਡਾਂ ਦੀ ਸਮਰੱਥਾ ਲੈਵਲ-1, 2 ਤੇ 3 ਮੁਤਾਬਕ ਦਿੱਤੀ ਗਈ ਹੈ। ਇਹ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ https://patiala.nic.in/covid-19/ ’ਤੇ ਅਪਡੇਟ ਕੀਤੀ ਜਾਂਦੀ ਹੈ।