ਸੜਕ ਹਾਦਸਿਆਂ ਵਿੱਚ ਦੋ ਹਲਾਕ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਸਤੰਬਰ
ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੀ ਘਟਨਾ ਸੈਕਟਰ-2/3/10/11 ਵਾਲੇ ਚੌਕ ’ਚ ਵਾਪਰੀ ਹੈ। ਇੱਥੇ ਤੇਜ਼ ਰਫ਼ਤਾਰ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਐਕਟਿਵਾ ਸਵਾਰ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਨੀਰਜ ਕੁਮਾਰ ਵਾਸੀ ਨਵਾਂ ਗਰਾਉਂ ਵਜੋਂ ਹੋਈ ਹੈ। ਥਾਣਾ ਸੈਕਟਰ-3 ਦੀ ਪੁਲੀਸ ਨੇ ਹੋਮਗਾਰਡ ਦੇ ਜਵਾਨ ਮਨਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਸੀਟੀਯੂ ਬੱਸ ਚਾਲਕ ਗੁਰਧਿਆਨ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਮੁਲਜ਼ਮ ਇਲੈਕਟ੍ਰਿਕ ਬੱਸ ਦਾ ਚਾਲਕ ਹੈ। ਉਸ ਨੇ ਸੈਕਟਰ-2/3-10/11 ਵਾਲੇ ਚੌਕ ਵਿੱਚ ਐਕਟਿਵਾ ਵਿੱਚ ਟੱਕਰ ਮਾਰ ਦਿੱਤੀ। ਇਸ ਦੌਰਾਨ ਐਕਟਿਵਾ ਚਾਲਕ ਦੇ ਕਾਫ਼ੀ ਸੱਟਾਂ ਵੱਜੀਆਂ। ਉਸ ਨੂੰ ਇਲਾਜ ਲਈ ਪੀਜੀਆਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ। ਥਾਣਾ ਸੈਕਟਰ-3 ਦੀ ਪੁਲੀਸ ਨੇ ਚਾਲਕ ਵਿਰੁੱਧ ਕੇਸ ਦਰਜ ਕੀਤਾ ਹੈ।
ਦੂਜੀ ਘਟਨਾ, ਥਾਣਾ ਸੈਕਟਰ-39 ਅਧੀਨ ਇਲਾਕੇ ਵਿੱਚ ਵਾਪਰੀ ਹੈ। ਇੱਥੇ ਮੋਟਰਸਾਈਕਲ ਦੀ ਟੱਕਰ ਵੱਜਣ ਕਰ ਕੇ ਇਕ ਜਣੇ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜਗਦੀਸ਼ ਵਜੋਂ ਹੋਈ ਹੈ। ਇਸ ਬਾਰੇ ਮ੍ਰਿਤਕ ਦੇ ਦੋਸਤ ਵਿਨੋਦ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਦੋਸਤ ਪੈਦਲ ਜਾ ਰਿਹਾ ਸੀ, ਮੋਟਰਸਾਈਕਲ ਸਵਾਰ ਨੇ ਉਸ ਵਿੱਚ ਟੱਕਰ ਮਾਰ ਦਿੱਤੀ ਹੈ, ਜਿਸ ਕਰ ਕੇ ਉਸ ਦੇ ਸੱਟਾਂ ਵੱਜੀਆਂ। ਪੀੜਤ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਹੈ। ਥਾਣਾ ਸੈਕਟਰ-39 ਦੀ ਪੁਲੀਸ ਨੇ ਮਾਮਲੇ ਸਬੰਧੀ ਕੇਸ ਦਰਜ ਕਰ ਕੇ ਮੋਟਰਸਾਈਕਲ ਚਾਲਕ ਸਚਿਨ ਵਾਸੀ ਸੈਕਟਰ-52 ਨੂੰ ਗ੍ਰਿਫ਼ਤਾਰ ਕਰ ਲਿਆ ਹੈ।