ਸੜਕ ਹਾਦਸਿਆ ਵਿੱਚ ਦੋ ਹਲਾਕ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਜੁਲਾਈ
ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਔਰਤ ਗੰਭੀਰ ਜ਼ਖ਼ਮੀ ਹੋ ਗਈ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਰਾਜੂ ਯਾਦਵ ਵਾਸੀ ਪਿੰਡ ਪਵਾ ਨੇ ਦੱਸਿਆ ਹੈ ਕਿ ਉਸ ਦਾ ਸਾਲਾ ਸੁਨੀਲ ਕੁਮਾਰ ਮੋਟਰਸਾਈਕਲ ’ਤੇ ਆਪਣੀ ਪਤਨੀ ਪੂਜਾ ਕੁਮਾਰੀ ਅਤੇ ਬੱਚੇ ਨਾਲ ਸਾਹਨੇਵਾਲ ਤੋਂ ਆਪਣੇ ਘਰ ਪਿੰਡ ਪਵਾ ਨੂੰ ਜਾ ਰਿਹਾ ਸੀ ਅਤੇ ਉਹ ਵੀ ਉਨ੍ਹਾਂ ਦੇ ਪਿੱਛੇ ਜਾ ਰਿਹਾ ਸੀ। ਮੇਨ ਗੇਟ ਪਿੰਡ ਪਵਾ ਪੁੱਜੇ ਤਾਂ ਇੱਕ ਕਾਰ ਚਾਲਕ ਨੇ ਆਪਣੀ ਕਾਰ ਤੇਜ਼ ਰਫ਼ਤਾਰੀ ਤੇ ਲਾਪ੍ਰਵਾਹੀ ਨਾਲ ਚਲਾ ਕੇ ਉਸਨੂੰ ਫੇਟ ਮਾਰੀ, ਜਿਸ ਦੌਰਾਨ ਸੁਨੀਲ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਪੂਜਾ ਕੁਮਾਰੀ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਬੱਚਾ ਸਹੀ ਸਲਾਮਤ ਹੈ। ਥਾਣੇਦਾਰ ਕਰਨੈਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 1 ਦੀ ਪੁਲੀਸ ਨੂੰ ਮੁਹੱਲਾ ਪੀਰੂ ਬੰਦਾ ਸਲੇਮ ਟਾਬਰੀ ਵਾਸੀ ਦੀਪਕ ਕੁਮਾਰ ਨੇ ਦੱਸਿਆ ਹੈ ਕਿ ਲਕਸ਼ਮੀ ਸਿਨੇਮਾ ਦੇ ਸਾਹਮਣੇ ਇੱਕ ਵਿਆਕਤੀ ਸੜਕ ’ਤੇ ਪਿਆ ਸੀ, ਜਿਸਨੂੰ ਕਿਸੇ ਅਣਪਛਾਤੇ ਵਾਹਨ ਦੇ ਚਾਲਕ ਨੇ ਫੇਟ ਮਾਰੀ ਹੈ। ਜਿਸ ਨਾਲ ਇਸ ਵਿਅਕਤੀ ਦੀ ਮੌਤ ਹੋ ਗਈ ਹੈ।