ਸੜਕ ਹਾਦਸੇ ਵਿੱਚ ਦੋ ਹਲਾਕ; ਚਾਰ ਗੰਭੀਰ ਜ਼ਖ਼ਮੀ
ਬੀਐੱਸ ਚਾਨਾ
ਸ੍ਰੀ ਕੀਰਤਪੁਰ ਸਾਹਿਬ, 8 ਨਵੰਬਰ
ਚੰਡੀਗੜ੍ਹ-ਮਨਾਲੀ ਮੁੱਖ ਮਾਰਗ ’ਤੇ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਕਲਿਆਣਪੁਰ ਦੀ ਹੱਦ ’ਚ ਅੱਜ ਸਵੇਰੇ ਸੜਕ ਹਾਦਸੇ ਦੌਰਾਨ ਟੈਕਸੀ ਚਾਲਕ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਇੱਕ ਔਰਤ ਨੂੰ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਤੋਂ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਪਰ ਉਸ ਨੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਰਸਤੇ ਵਿੱਚ ਦਮ ਤੋੜ ਦਿੱਤਾ। ਐੱਸਐੱਚਓ ਜਤਿਨ ਕਪੂਰ ਨੇ ਦੱਸਿਆ ਕਿ ਇੱਥੇ ਸਵੇਰੇ ਦੋ ਕਾਰਾਂ ਆਪਸ ਵਿੱਚ ਟਕਰਾ ਗਈਆਂ।
ਇਸ ਦੌਰਾਨ ਐਕਸਯੂਵੀ ਕਾਰ ਦੇ ਚਾਲਕ ਨੇ ਸਵਿੱਫਟ ਕਾਰ ਵਿੱਚ ਟੱਕਰ ਮਾਰ ਦਿੱਤੀ, ਜਿਸ ਕਾਰਨ ਸਵਿੱਫਟ ਕਾਰ ਚਾਲਕ ਯੁਵਰਾਜ ਸਿੰਘ ਰਾਣਾ ਪੁੱਤਰ ਬਬਲੀ ਉਰਫ ਸੰਤੋਸ਼ ਕੁਮਾਰ ਵਾਸੀ ਪਿੰਡ ਕੰਗਰੀ ਥਾਣਾ ਹਮੀਰਪੁਰ ਹਿਮਾਚਲ ਪ੍ਰਦੇਸ਼ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਕਾਰ ਸਵਾਰ ਦੀਪਿਕਾ ਸ਼ਰਮਾ ਪਤਨੀ ਮੁਨੀਸ਼ ਕੁਮਾਰ ਵਾਸੀ ਹਮੀਰਪੁਰ ਥਾਣਾ ਹਮੀਰਪੁਰ ਨੂੰ ਸਿਵਲ ਹਸਪਤਾਲ ਆਨੰਦਪੁਰ ਸਾਹਿਬ ਤੋਂ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਸੀ, ਜਿਸ ਦੀ ਰਸਤੇ ਵਿੱਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸਵਿੱਫਟ ਵਿੱਚ ਸਵਾਰ ਜ਼ਖਮੀ ਐਨਾ ਭਾਰਤੀ ਦੇ ਬਿਆਨਾਂ ’ਤੇ ਐਕਸਯੂਵੀ ਦੇ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਹਾਦਸੇ ਵਿੱਚ ਰੀਨਾ ਕੁਮਾਰੀ ਪਤਨੀ ਸੁਮਿਤ ਕੁਮਾਰ ਤੇ ਅਵਿਨਾਸ਼ ਪੁੱਤਰ ਪ੍ਰਕਾਸ਼ ਚੰਦ ਵੀ ਗੰਭੀਰ ਜ਼ਖਮੀ ਹੋ ਗਏ ਜੋ ਵੱਖ-ਵੱਖ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ।
ਉਨ੍ਹਾਂ ਦੱਸਿਆ ਕਿ ਐਕਸਯੂਵੀ ਦੇ ਅਣਪਛਾਤੇ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਗੈਂਗਸਟਰ ਦੀ ਸੜਕ ਹਾਦਸੇ ਵਿੱਚ ਮੌਤ
ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ):
ਥਾਣਾ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਪਿੰਡ ਜਮਾਰਾਹ ਤੋਂ ਪਿੰਡ ਢੋਟੀਆ ਨੂੰ ਜਾਣ ਵਾਲੇ ਰਸਤੇ ’ਤੇ ਵਾਪਰੇ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸਿਮਰਨਜੀਤ ਸਿੰਘ ਉਰਫ ਸੰਮਾ ਪੁੱਤਰ ਚਰਨਜੀਤ ਸਿੰਘ ਵਾਸੀ ਭੈਲ ਵਜੋਂ ਹੋਈ ਹੈ। ਇਸ ਨੌਜਵਾਨ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਸਨ। ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਅਤੁਲ ਸੋਨੀ ਅਤੇ ਐੱਸਐੱਚਓ ਬਲਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਸ ਕੋਲੋਂ .32 ਬੋਰ ਪਿਸਤੌਲ, ਇੱਕ ਦਰਜਨ ਰੌਂਦ, ਤਿੰਨ ਗ੍ਰਾਮ ਅਫੀਮ, ਇੱਕ ਗ੍ਰਾਮ ਹੈਰੋਇਨ, 7 ਲਾਈਟਰ ਅਤੇ ਨਕਲੀ ਪਾਸਪੋਰਟ ਬਰਾਮਦ ਹੋਏ ਹਨ। ਮੁਲਜ਼ਮ ਫਰਜ਼ੀ ਪਾਸਪੋਰਟ ਰਾਹੀਂ ਕਈ ਵਾਰ ਵਿਦੇਸ਼ ਵੀ ਜਾ ਚੁੱਕਾ ਹੈ। ਉਸ ਖਿਲਾਫ਼ ਜ਼ਿਲ੍ਹਾ ਤਰਨ ਤਾਰਨ ਵਿੱਚ ਅੱਧੀ ਦਰਜਨ ਮਾਮਲੇ ਦਰਜ ਹਨ।