ਚੀਨੀ ਡੋਰ ਕਾਰਨ ਦੋ ਦੀ ਮੌਤ
ਸੁਖਦੇਵ ਸਿੰਘ/ਹਤਿੰਦਰ ਮਹਿਤਾ
ਅਜਨਾਲਾ/ਜਲੰਧਰ, 13 ਜਨਵਰੀ
ਅੱਜ ਲੋਹੜੀ ਵਾਲੇ ਦਿਨ ਅਜਨਾਲਾ ਅਤੇ ਜਲੰਧਰ ਵਿੱਚ ਚੀਨੀ ਡੋਰ ਨੇ ਦੋ ਵਿਅਕਤੀਆਂ ਦੀ ਜਾਨ ਲੈ ਲਈ। ਲੋਹੜੀ ਦੇ ਤਿਉਹਾਰ ਮੌਕੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਪਵਨਦੀਪ ਸਿੰਘ (20) ਪੁੱਤਰ ਜਗੀਰ ਸਿੰਘ, ਅਜਨਾਲਾ ਸ਼ਹਿਰ ਤੋਂ ਆਪਣੇ ਪਿੰਡ ਭਲਾ ਵੱਲ ਨੂੰ ਮੋਟਰਸਾਈਕਲ ’ਤੇ ਜਾ ਰਿਹਾ ਸੀ। ਰਸਤੇ ਵਿੱਚ ਥੋੜ੍ਹੀ ਹੀ ਦੂਰ ਜਾ ਕੇ ਉਸ ਦੇ ਗਲੇ ਵਿੱਚ ਚੀਨੀ ਡੋਰ ਫਿਰ ਗਈ ਅਤੇ ਉਹ ਉੱਥੇ ਹੀ ਡਿੱਗ ਪਿਆ। ਉਸ ਨੂੰ ਸਿਵਲ ਹਸਪਤਾਲ ਅਜਨਾਲਾ ਲਿਆਂਦਾ ਗਿਆ ਜਿੱਥੇ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਥਾਣਾ ਅਜਨਾਲਾ ਦੇ ਐਡੀਸ਼ਨਲ ਐੱਸਐੱਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਜਾ ਰਿਹਾ ਹੈ ਪਰ ਬਾਅਦ ਵਿੱਚ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕੇਸ ਵਿੱਚ ਨਾਮਜ਼ਦ ਕਰ ਲਿਆ ਜਾਵੇਗਾ। ਉਧਰ, ਐਤਵਾਰ ਨੂੰ ਆਦਮਪੁਰ ਦੇ ਪਿੰਡ ਸਾਰੋਬਾਦ ਦੇ ਰਹਿਣ ਵਾਲੇ ਦਿਹਾੜੀਦਾਰ ਹਰਪ੍ਰੀਤ ਸਿੰਘ (45) ਦੀ ਚੀਨੀ ਡੋਰ ਨੇ ਜਾਨ ਲੈ ਲਈ। ਸ਼ਨਿਚਰਵਾਰ ਨੂੰ ਉਹ ਦੋਪਹੀਆ ਵਾਹਨ ’ਤੇ ਜਾ ਰਿਹਾ ਸੀ। ਇਸ ਦੌਰਾਨ ਚੀਨੀ ਡੋਰ ਕਾਰਨ ਉਸ ਦਾ ਗਲਾ ਵੱਢਿਆ ਗਿਆ। ਉਸ ਦਾ ਇਲਾਜ ਪੀਜੀਆਈ ਚੰਡੀਗੜ੍ਹ ਵਿੱਚ ਚੱਲ ਰਿਹਾ ਸੀ ਤੇ ਅੱਜ ਉਸ ਦੀ ਮੌਤ ਹੋ ਗਈ।