ਸੜਕ ਹਾਦਸਿਆਂ ਵਿੱਚ ਦੋ ਜ਼ਖ਼ਮੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਨਵੰਬਰ
ਵੱਖ ਵੱਖ ਥਾਵਾਂ ’ਤੇ ਹੋਏ ਸੜਕ ਹਾਦਸਿਆਂ ਵਿੱਚ ਅੱਜ ਦੋ ਵਿਅਕਤੀ ਜ਼ਖ਼ਮੀ ਹੋ ਗਏ ਤੇ ਇਸ ਸਬੰਧ ਵਿੱਚ ਪੁਲੀਸ ਨੇ ਦੋ ਔਰਤਾਂ ਸਣੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੋਤੀ ਨਗਰ ਦੀ ਪੁਲੀਸ ਨੂੰ ਗੋਬਿੰਦ ਨਗਰ ਮੁੰਡੀਆ ਕਲਾਂ ਵਾਸੀ ਅਨੁਰਾਗ ਪਾਂਡੇ ਨੇ ਦੱਸਿਆ ਕਿ ਉਸ ਦੇ ਤਾਏ ਦਾ ਲੜਕਾ ਸੁਨੀਲ ਕੁਮਾਰ ਪਾਂਡੇ ਆਪਣੀ ਆਲਟੋ ’ਤੇ ਜਾ ਰਿਹਾ ਸੀ ਅਤੇ ਉਹ ਵੀ ਉਸ ਦੇ ਪਿੱਛੇ ਆਪਣੀ ਕਾਰ ’ਤੇ ਜਾ ਰਿਹਾ ਸੀ। ਚੰਡੀਗੜ੍ਹ ਰੋਡ ਪੁਲੀਸ ਕਲੋਨੀ ਜਮਾਲਪੁਰ ਦੀਆਂ ਲਾਈਟਾਂ ’ਤੇ ਪਿੱਛੇ ਤੋਂ ਆਈ ਇੱਕ ਤੇਜ਼ ਰਫ਼ਤਾਰ ਮਹਿੰਦਰਾ ਪਿਕਅੱਪ ਦੇ ਚਾਲਕ ਨੇ ਸੁਨੀਲ ਦੀ ਗੱਡੀ ਵਿੱਚ ਟੱਕਰ ਮਾਰੀ ਜਿਸ ਨਾਲ ਸੁਨੀਲ ਦੇ ਕਾਫ਼ੀ ਸੱਟਾਂ ਲੱਗੀਆਂ ਹਨ। ਉਸ ਨੇ ਦੱਸਿਆ ਕਿ ਮੁਲਜ਼ਮ ਗੱਡੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣੇਦਾਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਗੱਡੀ ਚਾਲਕ ਪ੍ਰਦੀਪ ਕੁਮਾਰ ਵਾਸੀ ਨੰਗਲ ਟਾਊਨਸ਼ਿਪ ਰੋਪੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸੇ ਤਰ੍ਹਾਂ ਥਾਣਾ ਡੇਹਲੋਂ ਦੀ ਪੁਲੀਸ ਨੂੰ ਪਿੰਡ ਭੁੱਟਾ ਵਾਸੀ ਜਗਜੀਵਨ ਸਿੰਘ ਨੇ ਦੱਸਿਆ ਕਿ ਉਹ ਹਲਟੀ ਚੌਕ ਵਿੱਚ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਦੋਸਤ ਦੀ ਉਡੀਕ ਕਰ ਰਿਹਾ ਸੀ ਤਾਂ ਇੱਕ ਤੇਜ਼ ਰਫ਼ਤਾਰ ਕਾਰ ਦੇ ਚਾਲਕ ਨੇ ਉਸ ਵਿੱਚ ਮਾਰ ਦਿੱਤੀ ਤੇ ਕਾਰ ਉਸ ਦੀ ਖੱਬੀ ਲੱਤ ’ਤੇ ਚੜ੍ਹ ਗਈ। ਕਾਰ ਚਾਲਕ ਤੇ ਉਸ ਨਾਲ ਦੋ ਔਰਤਾਂ ਨੇ ਮਗਰੋਂ ਉਸ ਦੀ ਕੁੱਟਮਾਰ ਵੀ ਕੀਤੀ ਤੇ ਉਸ ਦੇ ਰੌਲਾ ਪਾਉਣ ’ਤੇ ਫ਼ਰਾਰ ਹੋ ਗਏ। ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੌਰ ਸਿੰਘ, ਉਸ ਦੀ ਪਤਨੀ ਰਾਜਦੀਪ ਕੌਰ ਵਾਸੀਆਨ ਪਿੰਡ ਕਿਲਾ ਰਾਏਪੁਰ ਤੇ ਬੇਅੰਤ ਕੌਰ ਵਾਸੀ ਪਿੰਡ ਭੁੱਟਾ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਹੈ।