ਸੜਕ ਹਾਦਸਿਆਂ ਵਿੱਚ ਦੋ ਜ਼ਖ਼ਮੀ; ਵਾਹਨ ਵੀ ਨੁਕਸਾਨੇ
ਗੁਰਿੰਦਰ ਸਿੰਘ
ਲੁਧਿਆਣਾ, 26 ਨਵੰਬਰ
ਇੱਥੇ ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ ਹਨ ਜਦਕਿ ਹਾਦਸਿਆਂ ਵਿੱਚ ਵਾਹਨ ਵੀ ਨੁਕਸਾਨੇ ਗਏ ਹਨ। ਥਾਣਾ ਦੁੱਗਰੀ ਦੀ ਪੁਲੀਸ ਨੂੰ ਜੁਝਾਰ ਨਗਰ ਨਿਊ ਸ਼ਿਮਲਾਪੁਰੀ ਵਾਸੀ ਲਵਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ ’ਤੇ ਦੁੱਗਰੀ ਨਹਿਰ ਵੱਲੋਂ ਬਸੰਤ ਐਵੀਨਿਊ ਜਾ ਰਿਹਾ ਸੀ ਕਿ ਫੇਜ਼- 1 ਦੁੱਗਰੀ ਲਾਈਟਾਂ ਨੇੜੇ ਪਿੱਛੋਂ ਇੱਕ ਕਾਰ ਦੇ ਡਰਾਈਵਰ ਨੇ ਆਪਣੀ ਕਾਰ ਤੇਜ਼ ਰਫ਼ਤਾਰੀ ਅਤੇ ਅਣਗਹਿਲੀ ਨਾਲ ਚਲਾ ਕੇ ਉਸਨੂੰ ਫੇਟ ਮਾਰੀ ਜਿਸ ਕਾਰਨ ਉਹ ਹੇਠਾਂ ਡਿੱਗ ਪਿਆ ਅਤੇ ਉਸਨੂੰ ਕਾਫ਼ੀ ਸੱਟਾਂ ਲੱਗੀਆਂ ਜਦਕਿ ਉਸਦੀ ਸਕੂਟਰੀ ਦਾ ਵੀ ਕਾਫ਼ੀ ਨੁਕਸਾਨ ਹੋਇਆ। ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਵਾਹਨ ਚਾਲਕ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਨਿੱਜੀ ਕੰਮਕਾਰ ਲਈ ਸਿਟੀ ਸੈਂਟਰ ਤੋਂ ਪੱਖੋਵਾਲ ਰੋਡ ਜਾ ਰਿਹਾ ਸੀ ਤਾਂ ਸ਼ਹੀਦ ਭਗਤ ਸਿੰਘ ਦੇ ਬੁੱਤ ਨੇੜੇ ਐਫ ਬਲਾਕ ਸ਼ਹੀਦ ਭਗਤ ਸਿੰਘ ਨਗਰ ਪਾਸ ਪੁੱਜਾ ਤਾਂ ਇੱਕ ਕਾਰ ਦੀ ਡਰਾਈਵਰ ਗੀਤਿਕਾ ਵਾਸੀ ਹਾਊਸਫੈੱਡ ਕੰਪਲੈਕਸ ਪੱਖੋਵਾਲ ਰੋਡ ਨੇ ਆਪਣੀ ਕਾਰ ਤੇਜ਼ ਰਫ਼ਤਾਰ ਅਤੇ ਅਣਗਹਿਲੀ ਨਾਲ ਚਲਾ ਕੇ ਉਸਨੂੰ ਫੇਟ ਮਾਰੀ ਅਤੇ ਸਮੇਤ ਗੱਡੀ ਫ਼ਰਾਰ ਹੋ ਗਈ। ਹੌਲਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।