ਹਾਦਸਿਆਂ ਵਿੱਚ ਬਿਰਧ ਔਰਤ ਸਮੇਤ ਦੋ ਦੀ ਮੌਤ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਨਵੰਬਰ
ਵੱਖ ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਅੱਜ ਬਜ਼ੁਰਗ ਔਰਤ ਸਣੇ ਦੋ ਜਣਿਆਂ ਦੀ ਮੌਤ ਹੋ ਗਈ ਹੈ ਜਦਕਿ 3 ਜਣੇ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੂੰ ਹਰਕ੍ਰਿਸ਼ਨ ਨਗਰ ਨੇੜੇ ਰਵਿਦਾਸ ਗੁਰਦੁਆਰਾ ਨਿਊ ਸ਼ਿਮਲਾਪੁਰੀ ਵਾਸੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਮਾਤਾ ਨਾਲ ਸਵੇਰ ਦੀ ਸੈਰ ਕਰਨ ਲਈ ਗਿਆ ਸੀ। ਉਹ ਜਦੋਂ ਰਵਿਦਾਸ ਗੁਰਦੁਆਰਾ ਨਿਊ ਸ਼ਿਮਲਾਪੁਰੀ ਪਾਸ ਪੁੱਜੇ ਤਾਂ ਪਿੱਛੇ ਤੋਂ ਇੱਕ ਮੋਟਰਸਾਈਕਲ ਚਾਲਕ ਨੇ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਦੀ ਟੱਕਰ ਮਾਤਾ ਜੀ ਨੂੰ ਮਾਰੀ ਅਤੇ ਉਹ ਮੋਟਰਸਾਈਕਲ ਤੋਂ ਫ਼ਰਾਰ ਹੋ ਗਿਆ। ਇਸ ਦੌਰਾਨ ਮਾਤਾ ਜੀ ਥੱਲ ਡਿੱਗੇ ਪਏ ਅਤੇ ਸਖ਼ਤ ਜ਼ਖ਼ਮੀ ਹੋ ਗਏ। ਇਲਾਜ਼ ਲਈ ਉਨ੍ਹਾਂ ਨੂੰ ਦੀਪ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਥਾਣਾ ਲਾਢੋਵਾਲ ਦੀ ਪੁਲੀਸ ਨੂੰ ਪਿੰਡ ਬੱਗਾ ਖੁਰਦ ਵਾਸੀ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਅਤੇ ਉਸਦੇ ਤਾਏ ਦਾ ਲੜਕਾ ਸੁਖਵੀਰ ਸਿੰਘ ਮੋਟਰਸਾਈਕਲ ’ਤੇ ਵਾਪਿਸ ਪਿੰਡ ਬੱਗਾ ਖੁਰਦ ਆ ਰਹੇ ਸੀ ਤਾਂ ਪਿੰਡ ਕਾਦੀਆਂ ਮੋੜ ਦੇ ਸਾਹਮਣੇ ਪੁੱਜੇ ਤਾਂ ਉਨ੍ਹਾਂ ਅੱਗੇ ਜਾ ਰਹੇ ਟੱਰਕ ਦੇ ਚਾਲਕ ਨੇ ਇੱਕ ਦਮ ਬਰੇਕ ਲਾ ਦਿੱਤੀ ਜਿਸ ਕਾਰਨ ਮੋਟਰਸਾਈਕਲ ਟਰੱਕ ਵਿੱਚ ਵੱਜਿਆ ਤੇ ਦੋਵੇਂ ਜਣੇ ਸੜਕ ’ਤੇ ਡਿੱਗ ਪਏ। ਸੱਟ ਲਗਣ ਕਾਰਨ ਦੋਹੇਂ ਬੇਹੋਸ਼ ਹੋ ਗਏ। ਇਸ ਦੌਰਾਨ ਟਰੱਕ ਚਾਲਕ ਫ਼ਰਾਰ ਹੋ ਗਿਆ। ਇਸ ਮੌਕੇ ਸੁਖਵੀਰ ਸਿੰਘ ਦੀ ਮੌਤ ਹੋ ਗਈ ਤੇ ਉਸ ਨੂੰ ਸੀਐਮਸੀ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਇਸੇ ਤਰ੍ਹਾਂ ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਵਿਨਸ਼ ਚੋਪੜਾ ਵਾਸੀ ਸ਼ਾਂਤ ਪਾਰਕ ਬਾੜੇਵਾਲ ਨੇ ਦੱਸਿਆ ਹੈ ਕਿ ਉਹ ਆਪਣੀ ਕਾਰ ਸਮੇਤ ਆਪਣੀ ਜੇਠਾਣੀ ਕਵਿਤਾ ਚੋਪੜਾ ਨਾਲ ਵਾਪਸ ਘਰ ਆ ਰਹੀ ਸੀ ਤਾਂ ਗਡਵਾਸੂ ਗੇਟ ਨੰਬਰ 8 ਤੋਂ ਸੱਜੇ ਪਾਸੇ ਮੁੜਨ ਲੱਗਿਆਂ ਇੱਕ ਕਾਰ ਦੇ ਚਾਲਕ ਮਨਜੋਤ ਸਿੰਘ ਨੇ ਤੇਜ਼ ਰਫ਼ਤਾਰੀ ਨਾਲ ਕਾਰ ਦੀ ਫੇਟ ਮਾਰੀ ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਸੱਟਾਂ ਲੱਗੀਆਂ ਅਤੇ ਕਾਰ ਦਾ ਵੀ ਕਾਫ਼ੀ ਨੁਕਸਾਨ ਹੋਇਆ। ਇਸ ਦੌਰਾਨ ਕਾਰ ਚਾਲਕ ਸਮੇਤ ਕਾਰ ਫ਼ਰਾਰ ਹੋ ਗਿਆ।