For the best experience, open
https://m.punjabitribuneonline.com
on your mobile browser.
Advertisement

ਚੋਣ ਕਮਿਸ਼ਨ ਦੀ ਕਾਰਵਾਈ ਤੋਂ ਬਚੇ ਦੋ ਆਈਏਐੱਸ ਅਧਿਕਾਰੀ

08:04 AM Apr 13, 2024 IST
ਚੋਣ ਕਮਿਸ਼ਨ ਦੀ ਕਾਰਵਾਈ ਤੋਂ ਬਚੇ ਦੋ ਆਈਏਐੱਸ ਅਧਿਕਾਰੀ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਪਰੈਲ
ਪੰਜਾਬ ਦੇ ਦੋ ਆਈਏਐੱਸ ਅਫ਼ਸਰਾਂ ’ਤੇ ਭਾਰਤੀ ਚੋਣ ਕਮਿਸ਼ਨ ਦੀ ਕਾਰਵਾਈ ਤੋਂ ਬਚਾਅ ਹੋ ਗਿਆ ਹੈ ਪ੍ਰੰਤੂ ਵਿਰੋਧੀ ਧਿਰਾਂ ਇਸ ਮਾਮਲੇ ’ਤੇ ਹੰਗਾਮਾ ਕਰ ਸਕਦੀਆਂ ਹਨ। ਆਬਕਾਰੀ ਨੀਤੀ ਨੂੰ ਲੈ ਕੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਨਿਸ਼ਾਨੇ ’ਤੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਅਤੇ ਵਧੀਕ ਕਮਿਸ਼ਨਰ ਆਬਕਾਰੀ ਨਰੇਸ਼ ਦੂਬੇ ਹਨ। ਇਵੇਂ ਹੀ ਅਮਰੂਦ ਬਾਗ਼ ਘੁਟਾਲੇ ਦੇ ਮਾਮਲੇ ਵਿਚ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵੀ ਈਡੀ ਦੀ ਰਾਡਾਰ ’ਤੇ ਹਨ। ਈਡੀ ਇਨ੍ਹਾਂ ਅਧਿਕਾਰੀਆਂ ਦੇ ਟਿਕਾਣਿਆਂ ਦੀ ਛਾਣਬੀਣ ਵੀ ਕਰ ਚੁੱਕੀ ਹੈ।
ਭਾਰਤੀ ਚੋਣ ਕਮਿਸ਼ਨ ਨੇ ਸ਼ਿਕਾਇਤਾਂ ਦੇ ਆਧਾਰ ’ਤੇ ਉਪਰੋਕਤ ਅਧਿਕਾਰੀਆਂ ਖ਼ਿਲਾਫ਼ ਨਿਯਮਾਂ ਅਨੁਸਾਰ ਐਕਸ਼ਨ ਲੈਣ ਲਈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਹਦਾਇਤ ਕੀਤੀ ਸੀ। ਇਸ ਸਬੰਧੀ ਨਿਤਿਨ ਅਗਰਵਾਲ ਨੇ ਭਾਰਤੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਦਿਆਂ ਆਈਏਐੱਸ ਅਧਿਕਾਰੀ ਵਰੁਣ ਰੂਜ਼ਮ ਅਤੇ ਨਰੇਸ਼ ਕੁਮਾਰ ਦੂਬੇ ਦਾ ਤਬਾਦਲਾ ਕਰਨ ਦੀ ਮੰਗ ਕੀਤੀ ਸੀ।
ਮੁੱਖ ਚੋਣ ਅਧਿਕਾਰੀ ਪੰਜਾਬ ਸਿਬਿਨ ਸੀ ਨੇ ਦੱਸਿਆ ਕਿ ਉਨ੍ਹਾਂ ਨੇ ਉਪਰੋਕਤ ਬਾਰੇ ਪਰਸੋਨਲ ਵਿਭਾਗ ਤੋਂ ਸ਼ਿਕਾਇਤ ਬਾਰੇ ਰਿਪੋਰਟ ਮੰਗੀ ਸੀ ਅਤੇ ਪਰਸੋਨਲ ਵਿਭਾਗ ਦਾ ਲਿਖਤੀ ਜਵਾਬ ਮਿਲ ਗਿਆ ਹੈ ਜਿਸ ਵਿਚ ਸ਼ਿਕਾਇਤ ਦੇ ਗੁੰਮਨਾਮ ਹੋਣ ਦਾ ਹਵਾਲਾ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਜਵਾਬ ਭਾਰਤੀ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਹੈ। ਪਤਾ ਲੱਗਾ ਹੈ ਕਿ ਆਬਕਾਰੀ ਵਿਭਾਗ ਨੇ ਆਪਣੇ ਜਵਾਬ ਵਿੱਚ ਸ਼ਿਕਾਇਤਕਰਤਾ ਬਾਰੇ ਜਾਣਨ ਲਈ ਸਾਈਬਰ ਕ੍ਰਾਈਮ ਸੈੱਲ ਤੋਂ ਜਾਂਚ ਵੀ ਮੰਗੀ ਸੀ।
ਜਾਣਕਾਰੀ ਅਨੁਸਾਰ 25 ਮਾਰਚ ਨੂੰ ਆਬਕਾਰੀ ਅਤੇ ਕਰ ਵਿਭਾਗ ਦੇ ਆਬਕਾਰੀ ਕਮਿਸ਼ਨਰੇਟ ਵਿੱਚ ਦਾਗੀ ਅਫ਼ਸਰਾਂ ਦੀ ਤਾਇਨਾਤੀ ਬਾਰੇ ਸ਼ਿਕਾਇਤ ਭਾਰਤੀ ਚੋਣ ਕਮਿਸ਼ਨ ਨੂੰ ਕੀਤੀ ਗਈ ਸੀ ਜਿਸ ਵਿਚ ਅਧਿਕਾਰੀਆਂ ਦੇ ਸ਼ਰਾਬ ਘੁਟਾਲੇ ਵਿਚ ਨਾਮ ਹੋਣ ਦੇ ਦੋਸ਼ ਲਾਏ ਗਏ ਸਨ।
ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵਿਵੇਕ ਸ਼ਰਮਾ ਨੇ 23 ਮਾਰਚ ਨੂੰ ਭਾਰਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜ ਕੇ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਤਬਾਦਲੇ ਦੀ ਮੰਗ ਕੀਤੀ ਸੀ। ਉਨ੍ਹਾਂ ਸ਼ਿਕਾਇਤ ਵਿਚ ਕਿਹਾ ਸੀ ਕਿ ਇਹ ਅਧਿਕਾਰੀ ਅਮਰੂਦ ਬਾਗ਼ ਘੁਟਾਲੇ ਵਿਚ ਕਥਿਤ ਤੌਰ ’ਤੇ ਸ਼ਾਮਲ ਹੈ। ਭਾਰਤੀ ਚੋਣ ਕਮਿਸ਼ਨ ਨੇ ਜੋ ਹੋਰ ਸ਼ਿਕਾਇਤਾਂ ਮੁੱਖ ਚੋਣ ਅਧਿਕਾਰੀ ਪੰਜਾਬ ਕੋਲ ਭੇਜੀਆਂ ਹਨ, ਉਨ੍ਹਾਂ ਵਿਚ ਜ਼ਿਲ੍ਹਾ ਪਰਿਸ਼ਦ ਅੰਮ੍ਰਿਤਸਰ ਦੇ ਵਧੀਕ ਮੁੱਖ ਕਾਰਜਕਾਰੀ ਅਫ਼ਸਰ ਗੁਰਦਰਸ਼ਨ ਲਾਲ ਕੁੰਡਲ ਅਤੇ ਫ਼ਾਜ਼ਿਲਕਾ ਦੇ ਡੀਐਸਪੀ ਕਰੁਣ ਮੁੰਡਨ ਦਾ ਤਬਾਦਲਾ ਕਰਨ ਦੀ ਮੰਗ ਕੀਤੀ ਗਈ ਹੈ।

Advertisement

Advertisement
Author Image

joginder kumar

View all posts

Advertisement
Advertisement
×