For the best experience, open
https://m.punjabitribuneonline.com
on your mobile browser.
Advertisement

ਕਾਵਾਂਵਾਲੀ ਪੱਤਣ ਤੋਂ ਦੋ ਸੌ ਲੋਕ ਸੁਰੱਖਿਅਤ ਕੱਢੇ

10:19 AM Aug 22, 2023 IST
ਕਾਵਾਂਵਾਲੀ ਪੱਤਣ ਤੋਂ ਦੋ ਸੌ ਲੋਕ ਸੁਰੱਖਿਅਤ ਕੱਢੇ
ਪਾਣੀ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਦੀ ਹੋਈ ਐੱਨਡੀਆਰਐੱਫ ਦੀ ਟੀਮ।
Advertisement

ਪਰਮਜੀਤ ਸਿੰਘ/ ਚੰਦਰ ਪ੍ਰਕਾਸ਼ ਕਾਲੜਾ
ਫਾਜ਼ਿਲਕਾ/ ਜਲਾਲਾਬਾਦ, 21 ਅਗਸਤ
ਪ੍ਰਸ਼ਾਸਨ ਨੇ ਅੱਜ ਕਾਵਾਂਵਾਲੀ ਪੱਤਣ ’ਤੇ ਹੜ੍ਹ ਦੇ ਪਾਣੀ ਵਿਚ ਘਿਰੇ ਦੋ ਸੌ ਦੇ ਕਰੀਬ ਲੋਕਾਂ ਨੂੰ ਬਾਹਰ ਕੱਢਿਆ ਹੈ। ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਹੈ ਕਿ ਹੁਣ ਤੱਕ 700 ਤੋਂ ਜ਼ਿਆਦਾ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਸੁਰੱਖਿਅਤ ਕੱਢਿਆ ਗਿਆ ਹੈ। ਬੀਤੀ ਸ਼ਾਮ ਤੱਕ 498 ਲੋਕਾਂ ਨੂੰ ਕਿਸ਼ਤੀਆਂ ਨਾਲ ਕੱਢਿਆ ਗਿਆ ਸੀ ਜਦ ਕਿ ਸੋਮਵਾਰ ਦੀ ਦੁਪਹਿਰ ਤੱਕ 200 ਹੋਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 576 ਲੋਕ ਰਾਹਤ ਕੈਂਪਾਂ ਵਿਚ ਪਹੁੰਚੇ ਹਨ ਜਦਕਿ ਜ਼ਿਆਦਾਤਰ ਲੋਕ ਆਪਣੇ ਰਿਸ਼ਤੇਦਾਰਾਂ ਕੋਲ ਪੁੱਜੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ। ਕਾਵਾਂਵਾਲੀ ਪੱਤਣ ਤੋਂ ਇਲਾਵਾ ਮੁਹਾਰ ਜਮਸ਼ੇਰ ਵਿਚ ਵੀ ਵੱਡੀ ਗਿਣਤੀ ਲੋਕਾਂ ਨੂੰ ਅੱਜ ਕਿਸ਼ਤੀ ਰਾਹੀਂ ਕੱਢਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 8000 ਹੈਕਟੇਅਰ ਰਕਬੇ ਵਿਚ ਪਾਣੀ ਭਰ ਗਿਆ ਹੈ। ਇਸੇ ਤਰ੍ਹਾਂ ਹੜ੍ਹ ਕਾਰਨ ਬੀਤੇ ਦਿਨ ਦੋ ਮੌਤਾਂ ਹੋਈਆਂ ਸਨ। ਇਸ ਖੇਤਰ ਵਿਚੋਂ ਐਨਡੀਆਰਐਫ ਦੀਆਂ ਟੀਮਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਹੜ੍ਹ ਦੇ ਪਾਣੀ ਵਿਚ ਘਿਰੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਐਸਡੀਐਮ ਆਕਾਸ਼ ਬਾਂਸਲ ਨੇ ਦੱਸਿਆ ਕਿ ਅੱਜ ਚੱਕ ਟਾਹਲੀ ਵਾਲਾ ਤੋਂ 15 ਔਰਤਾਂ ਅਤੇ ਬੱਚਿਆਂ ਨੂੰ ਕਿਸ਼ਤੀ ਰਾਹੀਂ ਸੁਰੱਖਿਅਤ ਕੱਢਿਆ ਗਿਆ ਹੈ। ਇਸ ਤੋਂ ਬਿਨਾਂ ਘੁਬਾਇਆ ਦੇ ਰਾਹਤ ਕੈਂਪ ਵਿਚ ਅੱਠ ਜਣੇ ਆਏ ਹਨ ਜਿਨ੍ਹਾਂ ਨੂੰ ਖਾਣ ਪੀਣ ਦਾ ਸਾਮਾਨ ਤੇ ਹੋਰ ਮਦਦ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਪਾਣੀ ’ਚ ਘਿਰਿਆ ਹੋਵੇ ਤਾਂ ਆਪਣੇ ਆਪ ਪਾਣੀ ਤੋਂ ਬਾਹਰ ਆਉਣ ਦੀ ਬਜਾਏ ਜ਼ਿਲ੍ਹਾ ਕੰਟਰੋਲ ਰੂਮ ਦੇ ਫੋਨ ਨੰਬਰ 0163-8262153 ’ਤੇ ਸੰਪਰਕ ਕੀਤਾ ਜਾਵੇ।

Advertisement

ਫਾਜ਼ਿਲਕਾ ਜ਼ਿਲ੍ਹੇ ਦੇ ਸਕੂਲ 26 ਅਗਸਤ ਤੱਕ ਬੰਦ

ਮੈਜਿਸਟਰੇਟ ਡਾ. ਸੇਨੂ ਦੁੱਗਲ ਨੇ ਜ਼ਿਲ੍ਹਾ ਫਾਜ਼ਿਲਕਾ ਅਧੀਨ ਪੈਂਦੇ ਬਲਾਕ ਗੁਰੂਹਰਸਹਾਏ-3, ਜਲਾਲਾਬਾਦ-1 , ਫਾਜ਼ਿਲਕਾ-1 ਅਤੇ ਫਾਜ਼ਿਲਕਾ-2 ਦੇ ਵੱਖ-ਵੱਖ ਸਕੂਲਾਂ ਨੂੰ 26 ਅਗਸਤ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਬਲਾਕ ਗੁਰੂਹਰਸਹਾਏ-3 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਬੋਦਲ ਪੀਰੇ ਕੇ , ਮਹਿਮੂਦ ਖਾਨੇ ਕੇ ਅਤੇ ਮੋਹਣੇ ਵਾਲੇ ਝੁੱਗੇ, ਜਲਾਲਾਬਾਦ-1 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਬਚਨ ਸਿੰਘ, ਗਹਿਲੇ ਵਾਲਾ ਤੇ ਜੋਧਾ ਭੈਣੀ ਅਤੇ ਫਾਜ਼ਿਲਕਾ-1 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਘੁਰਕਾ, ਗੁੱਦੜ ਭੈਣੀ ਅਤੇ ਢਾਣੀ ਮੋਹਨਾ ਰਾਮ ਨੂੰ ਬੰਦ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਫਾਜ਼ਿਲਕਾ-2 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਝੰਗੜ ਭੈਣੀ, ਗੁਲਾਬਾ ਭੈਣੀ, ਦੋਨਾ ਨਾਨਕਾ, ਗੱਟੀ ਨੰਬਰ 1, ਢਾਣੀ ਸੱਦਾ ਸਿੰਘ, ਮੁਹਾਰ ਜਮਸ਼ੇਰ, ਮਹਾਤਮ ਨਗਰ, ਰੇਤੇ ਵਾਲੀ ਭੈਣੀ, ਮੁਹਾਰ ਖੀਵਾ, ਮਨਸਾ ਬ੍ਰਾਂਚ, ਨੂਰ ਮੁਹੰਮਦ, ਮੁਹਾਰ ਸੋਨਾ, ਤੇਜਾ ਰੁਹੇਲਾ, ਸਰਕਾਰੀ ਹਾਈ ਸਕੂਲ ਮੁਹਾਰ ਸੋਨਾ, ਜੋਧਾ ਭੈਣੀ, ਪ੍ਰਭਾਤ ਸਿੰਘ ਵਾਲਾ ਹਿਠਾੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਗੜ ਭੈਣੀ, ਸਰਕਾਰੀ ਮਿਡਲ ਸਕੂਲ ਮਹਾਤਮ ਨਗਰ, ਸਰਕਾਰੀ ਹਾਈ ਸਕੂਲ ਕਾਵਾਂ ਵਾਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਤਾ ਕਲਾਂ, ਫਾਜ਼ਿਲਕਾ, ਲਾਧੂਕਾ, ਸਰਕਾਰੀ ਮਿਡਲ ਸਕੂਲ ਸਲੇਮਸ਼ਾਹ, ਸਰਕਾਰੀ ਹਾਈ ਸਕੂਲ ਮੌਜਮ, ਸਰਕਾਰੀ ਹਾਈ ਸਕੂਲ ਆਸਫਵਾਲਾ ਅਤੇ ਸਰਕਾਰੀ ਹਾਈ ਸਕੂਲ ਨੂਰਸ਼ਾਹ ਸ਼ਾਮਿਲ ਹਨ।

ਪੰਦਰਾਂ ਪਿੰਡਾਂ ਦੇ ਲੋਕਾਂ ਲਈ ਸਿਰਫ਼ ਇਕ ਕਿਸ਼ਤੀ

ਕਾਵਾਂਵਾਲੀ ਪੱਤਣ ’ਤੇ ਬਣੇ ਪੁਲ ਤੋਂ ਅੱਗੇ ਪੈਂਦੇ ਪਿੰਡਾਂ ਵਿਚ ਹੜ੍ਹ ਦਾ ਪਾਣੀ ਆਉਣ ਕਾਰਨ ਹਾਹਾਕਾਰ ਮੱਚ ਗਈ ਹੈ। ਇਥੇ ਲੋਕਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਐਨਡੀਆਰਐਫ਼ ਦੀ ਇੱਕ ਕਿਸ਼ਤੀ ਲੱਗੀ ਹੋਈ ਹੈ ਜਿਸ ਵਿਚੋਂ ਸਿਰਫ਼ ਕੁਝ ਲੋਕਾਂ ਨੁੂੰ ਹੀ ਕੱਢ ਕੇ ਲਿਆਂਦਾ ਜਾਂਦਾ ਹੈ। ਇਸ ਵੇਲੇ 14-15 ਪਿੰਡਾਂ ਵਿਚ ਹਜ਼ਾਰਾਂ ਲੋਕ ਫ਼ਸੇ ਹੋਏ ਹਨ। ਸਤਲੁਜ ਦਰਿਆ ਵਿਚ ਵਧੇ ਪਾਣੀ ਦੇ ਪੱਧਰ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਪੱਤਰਕਾਰਾਂ ਵੱਲੋਂ ਅੱਜ ਮੌਕੇ ’ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਇਸ ਖੇਤਰ ਦੇ ਪਿੰਡਾਂ ਵਿਚ ਲੋਕਾਂ ਲਈ ਜਿੱਥੇ ਖਾਣੇ ਦੀ ਘਾਟ ਹੈ ਉਥੇ ਹੀ ਪਸ਼ੂਆਂ ਲਈ ਹਰਾ ਚਾਰਾ ਵੀ ਨਹੀਂ ਮਿਲ ਰਿਹਾ। ਇਸ ਖੇਤਰ ਦੇ ਸਾਰਜ ਸਿੰਘ ਨੇ ਕਿਹਾ ਕਿ ਇਕ ਕਿਸ਼ਤੀ ਨਾਲ ਹਜ਼ਾਰਾਂ ਲੋਕਾਂ ਨੂੰ ਨਹੀਂ ਬਚਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਇਥੇ ਵੱਡੀ ਕਿਸ਼ਤੀ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਜਿਸ ਵਿਚ 40-50 ਲੋਕ ਬੈਠ ਸਕਣ ਅਤੇ ਇਨ੍ਹਾਂ ਦੀ ਗਿਣਤੀ ਵੀ ਜ਼ਿਆਦਾ ਹੋਵੇ। ਨਵਾਂ ਹਸਤਾ ਵੱਲ ਵੀ ਦਰਿਆ ਦਾ ਬੰਨ੍ਹ ਕਮਜ਼ੋਰ ਹੋ ਰਿਹਾ ਹੈ। ਬੰਨ੍ਹ ਦੇ ਨਾਲ ਨਾਲ ਕਾਫ਼ੀ ਢਾਣੀਆਂ ਹਨ ਜਿਹੜੀਆਂ ਕਿਸੇ ਸਮੇਂ ਵੀ ਇਸ ਦੀ ਮਾਰ ਵਿਚ ਆ ਸਕਦੀਆਂ ਹਨ ਕਿਉਂ ਕਿ ਪਾਣੀ ਦਾ ਰਸਾਅ ਹੌਲੀ ਹੌਲੀ ਹੋ ਰਿਹਾ ਹੈ। ਘਰ ਛੱਡ ਕੇ ਆ ਰਹੇ ਲੋਕਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦਿਖਾਈ ਦਿੰਦੀਆਂ ਹਨ। ਫ਼ਿਲਹਾਲ 600 ਦੇ ਕਰੀਬ ਲੋਕਾਂ ਨੂੰ ਬਚਾਇਆ ਗਿਆ ਹੈ।

Advertisement
Author Image

joginder kumar

View all posts

Advertisement
Advertisement
×