ਜੇਲ੍ਹ ’ਚ ਕੈਦੀਆਂ ਦੇ ਦੋ ਧੜੇ ਭਿੜੇ; ਤਿੰਨ ਜ਼ਖ਼ਮੀ
ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 12 ਅਗਸਤ
ਅੰਮ੍ਰਿਤਸਰ ਕੇਂਦਰੀ ਜੇਲ੍ਹ ’ਚ ਬੀਤੀ ਰਾਤ ਕੈਦੀਆਂ ਦੇ ਦੋ ਧੜੇ ਆਪਸ ’ਚ ਭਿੜ ਗਏ ਜਿਸ ਕਾਰਨ ਤਿੰਨ ਕੈਦੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਜਦੋਂ ਦੋਵਾਂ ਧੜਿਆਂ ਵਿੱਚ ਲੜਾਈ ਹੋਈ ਤਾਂ ਅਰਧ ਸੈਨਿਕ ਬਲਾਂ ਦੇ ਜਵਾਨਾਂ ਤੇ ਜੇਲ੍ਹ ਸੁਰੱਖਿਆ ਅਮਲੇ ਨੇ ਦੋਵਾਂ ਧੜਿਆਂ ਨੂੰ ਭਜਾਉਣ ਲਈ ਲਾਠੀਆਂ ਵੀ ਵਰ੍ਹਾਈਆਂ। ਦੋਵਾਂ ਧਿਰਾਂ ਵਿਚਾਲੇ ਝਗੜੇ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਇਨ੍ਹਾਂ ਦੋਵਾਂ ਧੜਿਆਂ ਨੇ ਇਕ ਦੂਜੇ ’ਤੇ ਤੇਜ਼ਧਾਰ ਲੋਹੇ ਦੇ ਟੁਕੜਿਆਂ ਨਾਲ ਵਾਰ ਕੀਤੇ। ਦੱਸਣਯੋਗ ਹੈ ਕਿ ਪੁਲੀਸ ਨੇ ਹਾਲ ਹੀ ਵਿੱਚ ਕੇਂਦਰੀ ਜੇਲ੍ਹ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ ਪਰ ਕੋਈ ਪਾਬੰਦੀਸ਼ੁਦਾ ਵਸਤੂ ਬਰਾਮਦ ਨਹੀਂ ਹੋਈ ਸੀ। ਇਸ ਝੜਪ ਵਿਚ ਜ਼ਖਮੀਆਂ ਦੀ ਪਛਾਣ ਗੁਰਭੇਜ ਸਿੰਘ ਉਰਫ਼ ਭੇਜਾ, ਪਿੰਡ ਚਵਿੰਡਾ ਦੇਵੀ ਵਾਸੀ ਰਾਹੁਲ ਅਤੇ ਭਰਤ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਦਾ ਦੂਜੇ ਧੜੇ ਦੇ ਮੈਂਬਰਾਂ ਨਵਤੇਜ ਸਿੰਘ, ਗਗਨਦੀਪ ਸਿੰਘ, ਹਰਜਿੰਦਰ ਸਿੰਘ, ਗੁਰਦੀਪ ਸਿੰਘ, ਜੁਗਰਾਜ ਨਿਸ਼ਾਨ, ਅਭੀ, ਭਵਰੀਤ, ਸੁਖਰਾਜ ਸਿੰਘ ਅਤੇ ਖੁਸ਼ਹਾਲਬੀਰ ਸਿੰਘ ਨਾਲ ਪੁਰਾਣਾ ਝਗੜਾ ਚਲ ਰਿਹਾ ਸੀ। ਇਨ੍ਹਾਂ ਬੈਰਕ ਨੰਬਰ ਦੋ ਦੇ ਬਾਹਰ ਇਕ ਦੂਜੇ ’ਤੇ ਤਿੱਖੇ ਚਮਚਿਆਂ ਅਤੇ ਲੋਹੇ ਦੇ ਟੁਕੜਿਆਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਦੋਵੇਂ ਧੜਿਆਂ ਦੇ ਕੁਝ ਮੈਂਬਰ ਜ਼ਖਮੀ ਹੋ ਗਏ। ਇਸਲਾਮਾਬਾਦ ਪੁਲੀਸ ਸਟੇਸ਼ਨ ਦੇ ਐਸਐਚਓ ਮੋਹਿਤ ਕੁਮਾਰ ਨੇ ਦੱਸਿਆ ਕਿ ਜੇਲ੍ਹ ਵਿਚ ਕੈਦੀਆਂ ਦੀ ਲੜਾਈ ਤੋਂ ਬਾਅਦ ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ ਹੈ ਪਰ ਇਸ ਦੀ ਹਾਲੇ ਤਕ ਰਿਪੋਰਟ ਨਹੀਂ ਮਿਲੀ। ਐਮਐਲਆਰ ਅਤੇ ਜੇਲ੍ਹ ਅਧਿਕਾਰੀਆਂ ਤੋਂ ਰਿਪੋਰਟ ਮਿਲਣ ਤੋਂ ਬਾਅਦ ਕੇਸ ਦਰਜ ਕੀਤਾ ਜਾਵੇਗਾ।