For the best experience, open
https://m.punjabitribuneonline.com
on your mobile browser.
Advertisement

ਗੁਰਦਾਸਪੁਰ ਕੇਂਦਰੀ ਜੇਲ੍ਹ ’ਚ ਕੈਦੀਆਂ ਦੇ ਦੋ ਗੁੱਟ ਭਿੜੇ

10:06 AM Mar 15, 2024 IST
ਗੁਰਦਾਸਪੁਰ ਕੇਂਦਰੀ ਜੇਲ੍ਹ ’ਚ ਕੈਦੀਆਂ ਦੇ ਦੋ ਗੁੱਟ ਭਿੜੇ
ਹਮਲੇ ਵਿੱਚ ਜ਼ਖ਼ਮੀ ਪੁਲੀਸ ਮੁਲਾਜ਼ਮ।
Advertisement

ਕੇ.ਪੀ ਸਿੰਘ
ਗੁਰਦਾਸਪੁਰ, 14 ਮਾਰਚ
ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਨੇ ਕਰੀਬ ਛੇ ਘੰਟੇ ਹੰਗਾਮਾ ਕੀਤਾ। ਇੱਥੇ ਅੱਜ ਸਵੇਰੇ ਕੈਦੀਆਂ ਦੇ ਦੋ ਗੁੱਟਾਂ ਵਿੱਚ ਝੜਪ ਹੋ ਗਈ। ਇਸ ਤੋਂ ਬਾਅਦ ਕੈਦੀਆਂ ਨੇ ਪੁਲੀਸ ’ਤੇ ਵੀ ਹਮਲਾ ਕਰ ਦਿੱਤਾ ਜਿਸ ਮਗਰੋਂ ਗੁਰਦਾਸਪੁਰ ਪੁਲੀਸ ਨੂੰ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚੋਂ 400 ਦੇ ਕਰੀਬ ਪੁਲੀਸ ਮੁਲਾਜ਼ਮਾਂ ਦੀਆਂ ਸੇਵਾਵਾਂ ਲੈਣੀਆਂ ਪਈਆਂ। ਪੁਲੀਸ ਨੇ ਹਾਲਾਤ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਕੈਦੀਆਂ ਵੱਲੋਂ ਪੁਲੀਸ ਫੋਰਸ ’ਤੇ ਕੀਤੇ ਹਮਲੇ ਵਿੱਚ ਚਾਰ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚ ਧਾਰੀਵਾਲ ਥਾਣੇ ਦੇ ਮੁਖੀ ਮਨਦੀਪ ਸਲਗੋਤਰਾ, ਜੇਲ੍ਹ ਸਕਿਉਰਿਟੀ ਦੇ ਜੋਧਾ ਸਿੰਘ, ਕਾਹਨੂੰਵਾਨ ਥਾਣੇ ਤੋਂ ਹੌਲਦਾਰ ਬਲਜਿੰਦਰ ਸਿੰਘ ਅਤੇ ਪੁਲੀਸ ਫ਼ੋਟੋਗਰਾਫ਼ਰ ਸਹਾਇਕ ਸਬ ਇੰਸਪੈਕਟਰ ਜਗਦੀਪ ਸਿੰਘ ਸ਼ਾਮਲ ਹਨ। ਕੈਦੀਆਂ ਵੱਲੋਂ ਬਿਸਤਰਿਆਂ ਨੂੰ ਅੱਗ ਲਗਾਉਣ ਤੋਂ ਇਲਾਵਾ ਐਲਪੀਜੀ ਸਿਲੰਡਰ ਨਾਲ ਧਮਾਕਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਤੋਂ ਬਾਅਦ ਪੰਜਾਹ ਦੇ ਕਰੀਬ ਕੈਦੀ ਮੈੱਸ ਦੀ ਛੱਤ ’ਤੇ ਚੜ੍ਹ ਗਏ ਸਨ ਅਤੇ ਹੇਠਲੇ ਕੈਦੀ ਟਾਈਲਾਂ ਪੁੱਟ ਕੇ ਛੱਤ ’ਤੇ ਆਪਣੇ ਸਾਥੀਆਂ ਨੂੰ ਪਹੁੰਚਾਉਣ ਲੱਗੇ ਤਾਂ ਕਿ ਪੁਲੀਸ ’ਤੇ ਪਥਰਾਅ ਕੀਤਾ ਜਾ ਸਕੇ ।
ਖ਼ਬਰ ਮਿਲਣ ਤੋਂ ਬਾਅਦ ਹੀ ਐੱਸਐੱਸਪੀ ਹਰੀਸ਼ ਦਿਆਮਾ ਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਜੇਲ੍ਹ ਪਹੁੰਚੇ ਅਤੇ ਲਾਊਡ ਸਪੀਕਰ ਰਾਹੀਂ ਕੈਦੀਆਂ ਨੂੰ ਸ਼ਾਂਤ ਹੋਣ ਅਤੇ ਬੈਰਕਾਂ ਵਿੱਚ ਵਾਪਸ ਪਹੁੰਚਣ ਦੀ ਅਪੀਲ ਕੀਤੀ ਪਰ ਕੈਦੀਆਂ ਦਾ ਹੁੜਦੰਗ ਜਾਰੀ ਰਿਹਾ। ਹਾਲਾਤ ਕਾਬੂ ਤੋਂ ਬਾਹਰ ਹੁੰਦਿਆਂ ਵੇਖ ਨੇੜਲੇ ਪੁਲੀਸ ਜ਼ਿਲ੍ਹਿਆਂ ਹੁਸ਼ਿਆਰਪੁਰ, ਬਟਾਲਾ, ਅੰਮ੍ਰਿਤਸਰ ਅਤੇ ਪਠਾਨਕੋਟ ਦੇ ਪੁਲੀਸ ਮੁਲਾਜ਼ਮਾਂ ਨੂੰ ਸੱਦਿਆ ਗਿਆ। ਹਾਲਾਤ ਨੂੰ ਕੰਟਰੋਲ ਕਰਨ ਲਈ ਏਡੀਜੀਪੀ (ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ, ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਡੀਆਈਜੀ (ਬਾਰਡਰ) ਨਰਿੰਦਰ ਭਾਰਗਵ, ਬਟਾਲਾ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਦੇ ਪੁਲੀਸ ਮੁਖੀ ਕ੍ਰਮਵਾਰ ਅਸ਼ਵਨੀ ਗੋਟਿਆਲ, ਸੁਰਿੰਦਰ ਲਾਂਬਾ, ਸਤਿੰਦਰ ਸਿੰਘ ਅਤੇ ਦਲਜਿੰਦਰ ਸਿੰਘ ਢਿੱਲੋਂ ਗੁਰਦਾਸਪੁਰ ਪਹੁੰਚੇ। ਸ਼ਾਮ ਪੰਜ ਵਜੇ ਦੇ ਕਰੀਬ ਕੈਦੀਆਂ ਅਤੇ ਪੁਲੀਸ ਅਧਿਕਾਰੀਆਂ ਵਿਚਾਲੇ ਗੱਲਬਾਤ ਸ਼ੁਰੂ ਹੋਈ ਜੋ ਸ਼ਾਮ ਸੱਤ ਵਜੇ ਤੱਕ ਜਾਰੀ ਰਹੀ।
ਦੋ ਗੁੱਟਾਂ ਵਿਚਕਾਰ ਝਗੜੇ ਦਾ ਕਾਰਨ ਗੁਰਪ੍ਰੀਤ ਗੋਪਾ ਦੀ ਅਗਵਾਈ ਵਾਲੇ ਗਰੁੱਪ ਵੱਲੋਂ ਦੂਸਰੀ ਧਿਰ ਖ਼ਿਲਾਫ਼ ਵਰਤੀ ਗਈ ਅਪਮਾਨਜਨਕ ਸ਼ਬਦਾਵਲੀ ਸੀ। ਦੋ ਘੰਟੇ ਆਪਸ ਵਿੱਚ ਭਿੜਨ ਮਗਰੋਂ ਕੈਦੀਆਂ ਨੇ ਆਪਸ ਵਿੱਚ ਲੜਨਾ ਬੰਦ ਕਰ ਦਿੱਤਾ ਅਤੇ ਉਨ੍ਹਾਂ ਨੇ ਇਕੱਠੇ ਹੋ ਕੇ ਪੁਲੀਸ ’ਤੇ ਹਮਲਾ ਕਰ ਦਿੱਤਾ। ਕੈਦੀਆਂ ਨੇ ਜੇਲ੍ਹ ਅਧਿਕਾਰੀਆਂ ’ਤੇ ਉਨ੍ਹਾਂ ਦਾ ਸ਼ੋਸ਼ਣ, ਮੈਡੀਕਲ ਸਹੂਲਤਾਂ ਨਾ ਦੇਣ ਅਤੇ ਬਦਸਲੂਕੀ ਦਾ ਦੋਸ਼ ਵੀ ਲਾਇਆ। ਜੇਲ੍ਹ ਕੰਪਲੈਕਸ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਏਡੀਜੀਪੀ (ਕਾਨੂੰਨ ਵਿਵਸਥਾ) ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਕੈਦੀਆਂ ਦੇ ਜੇਲ੍ਹ ਪ੍ਰਸ਼ਾਸਨ ਨਾਲ ਕੁਝ ਮੁੱਦੇ ਸਨ ਜਿਨ੍ਹਾਂ ਨੂੰ ਹੁਣ ਹੱਲ ਕਰ ਲਿਆ ਜਾਵੇਗਾ।

Advertisement

Advertisement
Author Image

sukhwinder singh

View all posts

Advertisement
Advertisement
×