ਨੈਣਾ ਦੇਵੀ ਤੋਂ ਪਰਤਦਿਆਂ ਹਾਦਸੇ ’ਚ ਦੋ ਲੜਕੀਆਂ ਦੀ ਮੌਤ
ਡੀਪੀਐੱਸ ਬੱਤਰਾ
ਸਮਰਾਲਾ, 28 ਜੁਲਾਈ
ਇੱਥੇ ਨੈਸ਼ਨਲ ਹਾਈਵੇਅ ’ਤੇ ਮਾਲਵਾ ਕਾਲਜ ਬੌਂਦਲੀ ਨੇੜੇ ਅੱਜ ਸ਼ਾਮ ਕਰੀਬ 5.30 ਵਜੇ ਨੈਣਾ ਦੇਵੀ ਮੱਥਾ ਟੇਕ ਕੇ ਪਰਤ ਰਹੇ ਸ਼ਰਧਾਲੂਆਂ ਦਾ ਮੋਟਰਸਾਈਕਲ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਦੋ ਲੜਕੀਆਂ ਦੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਮੌਕੇ ਤੋਂ ਪਤਾ ਚੱਲਿਆ ਕਿ ਟਾਇਰ ਫਟਣ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਫਲਾਈਓਵਰ ’ਤੇ ਲੱਗੀ ਰੇਲਿੰਗ ਨਾਲ ਟਕਰਾ ਗਿਆ, ਜਿਸ ਕਾਰਨ ਮੋਟਰਸਾਈਕਲ ’ਤੇ ਪਿੱਛੇ ਬੈਠੀਆਂ ਦੋਵੇਂ ਲੜਕੀਆਂ ਪੁਲ ਤੋਂ ਥੱਲੇ ਡਿੱਗ ਗਈਆਂ ਅਤੇ ਮੋਟਰਸਾਈਕਲ ਚਾਲਕ ਅੰਕਿਤ (36) ਪੁਲ ਤੋਂ ਹੇਠਾਂ ਵੱਲ ਲਟਕ ਗਿਆ। ਹਾਦਸੇ ਵਿੱਚ ਸਪਨਾ (17) ਅਤੇ ਸ਼ਕੁੰਤਲਾ (22) ਦੀ ਮੌਤ ਹੋ ਗਈ। ਦੋਵੇਂ ਲੜਕੀਆਂ ਢੰਡਾਰੀ ਕਲਾਂ ਨੇੜੇ ਗੋਬਿੰਦਪੁਰ ਦੀਆਂ ਵਸਨੀਕ ਸਨ। ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਸਮਰਾਲਾ ਪਹੁੰਚਾਇਆ, ਜਿੱਥੇ ਮੁੱਢਲੀ ਸਹਾਇਤਾ ਦੇਣ ਮਗਰੋਂ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ।
ਹਾਦਸੇ ਦੌਰਾਨ ਜਾਨ ਗੁਆਉਣ ਵਾਲੀ ਸਪਨਾ ਮਾਰਸ਼ਲ ਆਰਟ ਦੀ ਖਿਡਾਰਨ ਸੀ, ਜੋ ਨੈਸ਼ਨਲ ਪੱਧਰ ’ਤੇ ਆਪਣੀ ਖੇਡ ਦਾ ਪ੍ਰਦਸ਼ਨ ਕਰ ਰਹੀ ਸੀ। ਕੋਚ ਸੰਦੀਪ ਨੇ ਦੱਸਿਆ ਕਿ ਸਪਨਾ ਦਾ ਇਸ ਤਰ੍ਹਾਂ ਤੁਰ ਜਾਣਾ ਖੇਡ ਜਗਤ ਨੂੰ ਵੱਡਾ ਘਾਟਾ ਹੈ। ਉਨ੍ਹਾਂ ਦੱਸਿਆ ਕਿ ਸਪਨਾ ਸਟੇਟ ਪੱਧਰ ’ਤੇ ਗੋਲਡ ਮੈਡਲਿਸਟ ਸੀ ਅਤੇ ਹੁਣ ਉਹ ਗਰੀਬ ਲੜਕੀਆਂ ਨੂੰ ਮੁਫ਼ਤ ਮਾਰਸ਼ਲ ਆਰਟ ਦੀ ਸਿਖਲਾਈ ਵੀ ਦਿੰਦੀ ਸੀ।
ਸਮਰਾਲਾ ਦੇ ਬਾਜ਼ਾਰ ਵਿੱਚ ਚੰਡੀਗੜ੍ਹ ਰੋਡ ’ਤੇ ਇਕ ਇਨੋਵਾ ਦੀ ਮੋਟਰਸਾਈਕਲ ਨਾਲ ਟੱਕਰ ਹੋਣ ’ਤੇ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਸਮਰਾਲਾ ਤੋਂ ਬਾਬਾ ਮਸਤ ਰਾਮ ਦੇ ਡੇਰੇ ’ਤੇ ਮੱਥਾ ਟੇਕਣ ਲਈ ਖਮਾਣੋਂ ਵੱਲ ਜਾ ਰਹੇ ਸਨ ਕਿ ਇਨ੍ਹਾਂ ਦੇ ਮੋਟਰਸਾਈਕਲ ਦੀ ਇਨੋਵਾ ਕਾਰ ਨਾਲ ਟੱਕਰ ਹੋ ਗਈ। ਮ੍ਰਿਤਕ ਦੀ ਪਛਾਣ ਕਿਸਾਨ ਰਵਿੰਦਰ ਕੁਮਾਰ ਲਾਲੀ (34) ਵਜੋਂ ਹੋਈ ਹੈ, ਜੋ ਕਿ ਉਟਾਲਾਂ ਪਿੰਡ ਦਾ ਰਹਿਣ ਵਾਲਾ ਸੀ ਅਤੇ ਦੂਜਾ ਨੌਜਵਾਨ ਲਖਬੀਰ ਸਿੰਘ (17) ਸਮਰਾਲਾ ਦਾ ਰਹਿਣ ਵਾਲਾ ਸੀ। ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਸਤਵੀਰ ਸਿੰਘ ਨੇ ਦੱਸਿਆ ਕਿ ਗੱਡੀ ਦੇ ਚਾਲਕ ਸਰਬਜੀਤ ਸਿੰਘ ਵਾਸੀ ਸਮਰਾਲਾ ਖ਼ਿਲਾਫ਼ ਕੇਸ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਟਾਂਗਰਾ ਨੇੜੇ ਸੜਕ ਹਾਦਸੇ ’ਚ ਦੋ ਹਲਾਕ; ਇਕ ਜ਼ਖ਼ਮੀ
ਰਈਆ (ਦਵਿੰਦਰ ਸਿੰਘ ਭੰਗੂ): ਇੱਥੇ ਜਲੰਧਰ-ਅੰਮ੍ਰਿਤਸਰ ਜੀਟੀ ਰੋਡ ’ਤੇ ਟਾਂਗਰਾ ਨਜ਼ਦੀਕ (ਮੁੱਛਲ ਮੋੜ) ਵਾਪਰੇ ਸੜਕ ਹਾਦਸੇ ’ਚ ਕਾਰ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਪੁਲੀਸ ਵਲੋਂ ਨਿੱਜੀ ਹਸਪਤਾਲ ਭੇਜਿਆ। ਇਸ ਸਬੰਧੀ ਥਾਣਾ ਖਲਚੀਆਂ ਦੇ ਐਸਐਚਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਕ ਕਾਰ ਟੋਇਟਾ ਗਲੈਂਜ਼ਾ ਪੀਬੀ 02 ਈ ਐੱਚ 6368 ਕਾਰ ਦਾ ਸੰਤੁਲਨ ਵਿਗੜਨ ਕਾਰਨ ਇਸ ਦੇ ਡਿਵਾਈਡਰ ਵਿਚ ਵੱਜਣ ਕਰਕੇ ਰਾਮ ਵਡੇਰਾ ਵਾਸੀ ਫਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ ਅਤੇ ਮਨੀਸ਼ ਲੋਹੀਆ ਵਾਸੀ ਅੰਮ੍ਰਿਤਸਰ ਦੀ ਮੌਤ ਹੋ ਗਈ ਅਤੇ ਸੌਰਵ ਮਹਿਰਾ ਵਾਸੀ ਫਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ ਨੂੰ ਜ਼ਖਮੀ ਹੋਣ ਕਰਕੇ ਲਾਈਫ ਕੇਅਰ ਹਸਪਤਾਲ ਅੰਮ੍ਰਿਤਸਰ ਜ਼ੇਰੇ ਇਲਾਜ ਹੈ।