For the best experience, open
https://m.punjabitribuneonline.com
on your mobile browser.
Advertisement

ਪੁਲੀਸ ਭਰਤੀ ਉਮੀਦਵਾਰ ਦੋ ਲੜਕੀਆਂ ਮੋਬਾਈਲ ਟਾਵਰ ’ਤੇ ਚੜ੍ਹੀਆਂ

09:31 AM Mar 04, 2024 IST
ਪੁਲੀਸ ਭਰਤੀ ਉਮੀਦਵਾਰ ਦੋ ਲੜਕੀਆਂ ਮੋਬਾਈਲ ਟਾਵਰ ’ਤੇ ਚੜ੍ਹੀਆਂ
ਮੋਬਾਈਲ ਟਾਵਰ ’ਤੇ ਚੜ੍ਹੀਆਂ ਹੋਈਆਂ ਲੜਕੀਆਂ। -ਫੋਟੋ: ਲਾਲੀ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਮਾਰਚ
ਪੰਜਾਬ ਪੁਲੀਸ ਭਰਤੀ-2016 ਦੀਆਂ ਦੋ ਉਮੀਦਵਾਰ ਲੜਕੀਆਂ ਅੱਜ ਇੱਥੇ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਜ਼ੀਰਕਪੁਰ-ਬਠਿੰਡਾ ਕੌਮੀ ਮਾਰਗ ’ਤੇ ਪਟਿਆਲਾ ਬਾਈਪਾਸ ਓਵਰਬ੍ਰਿਜ ਨੇੜੇ ਇਕ ਮੋਬਾਈਲ ਟਾਵਰ ’ਤੇ ਚੜ੍ਹ ਗਈਆਂ। ਇਸ ਦੌਰਾਨ ਉਨ੍ਹਾਂ ਦੇ ਸਾਥੀ ਉਮੀਦਵਾਰਾਂ ਵੱਲੋਂ ਟਾਵਰ ਨੇੜੇ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਸੰਨ-2016 ਦੀ ਪੰਜਾਬ ਪੁਲੀਸ ਭਰਤੀ ਦੀ ਵੇਟਿੰਗ ਸੂਚੀ ਪ੍ਰਕਿਰਿਆ ਮੁਕੰਮਲ ਕਰ ਕੇ ਨਿਯੁਕਤੀ ਪੱਤਰ ਦੇਣ ਦੀ ਮੰਗ ਕਰ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਰੀਬ 3 ਵਜੇ ਪੰਜਾਬ ਪੁਲੀਸ ਭਰਤੀ-2016 ਦੀਆਂ ਦੋ ਮਹਿਲਾ ਉਮੀਦਵਾਰਾਂ ਹਰਦੀਪ ਕੌਰ ਅਤੇ ਅਮਨਦੀਪ ਕੌਰ ਇਕ ਮੋਬਾਈਲ ਟਾਵਰ ’ਤੇ ਚੜ੍ਹ ਗਈਆਂ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਟਾਵਰ ਨੇੜੇ ਪ੍ਰਦਰਸ਼ਨ ਕਰ ਰਹੇ ਅਮਨਦੀਪ ਸਿੰਘ, ਜਗਸੀਰ ਸਿੰਘ, ਨਗਿੰਦਰ ਸਿੰਘ ਅਤੇ ਧਰਮਿੰਦਰ ਸਿੰਘ ਨੇ ਦੱਸਿਆ ਕਿ 31 ਮਈ 2016 ਨੂੰ ਪੰਜਾਬ ਪੁਲੀਸ ਵਿੰਚ 7416 ਸਿਪਾਹੀਆਂ ਦੀ ਭਰਤੀ ਕੱਢੀ ਗਈ ਸੀ, ਜਿਸ ਦਾ ਨਤੀਜਾ 26 ਅਕਤੂਬਰ 2016 ਨੂੰ ਐਲਾਨ ਦਿੱਤਾ ਗਿਆ ਸੀ। ਇਸ ਨਤੀਜੇ ਅਨੁਸਾਰ ਕਈ ਉਮੀਦਵਾਰਾਂ ਦੀ ਭਰਤੀ ਕਰ ਲਈ ਗਈ ਅਤੇ ਕਈਆਂ ਨੂੰ ਵੇਟਿੰਗ ਸੂਚੀ ਵਿੱਚ ਰੱਖਿਆ ਗਿਆ ਸੀ। ਫ਼ਿਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਅਤੇ ਉਮੀਦਵਾਰਾਂ ਵੱਲੋਂ ਨਿਯੁਕਤੀ ਪੱਤਰ ਲੈਣ ਲਈ ਸੰਘਰਸ਼ ਕੀਤਾ ਗਿਆ। ਮੁੱਖ ਮੰਤਰੀ ਨੇ ਜਲੰਧਰ ਵਿੱਚ ਉਨ੍ਹਾਂ ਨੂੰ ਮਸਲਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਪਰ ਅੱਜ ਤੱਕ ਕੁੱਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਵਿਸ਼ੇਸ਼ ਸਕੱਤਰ ਨਵਰਾਜ ਸਿੰਘ ਬਰਾੜ ਨੂੰ ਵੀ ਮਿਲ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਵੱਲੋਂ ਸਤੰਬਰ 2022 ਵਿੱਚ ਲਗਪਗ 300 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਕਰੀਬ 500 ਉਮੀਦਵਾਰ ਹਾਲੇ ਵੀ ਬਾਕੀ ਹਨ। ਇਨ੍ਹਾਂ ’ਚੋਂ ਬਹੁਤੇ ਉਮੀਦਵਾਰ ਵਿਦੇਸ਼ ਜਾ ਚੁੱਕੇ ਹਨ। ਮੋਬਾਈਲ ਟਾਵਰ ’ਤੇ ਚੜ੍ਹੀਆਂ ਦੋਵੇਂ ਲੜਕੀਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਹੇਠਾਂ ਨਹੀਂ ਉਤਰਨਗੀਆਂ। ਮੌਕੇ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਸੁਰਿੰਦਰ ਪਾਲ, ਡੀਐੱਸਪੀ ਮਨੋਜ ਗੋਰਸੀ, ਥਾਣਾ ਸਦਰ ਦੇ ਮੁਖੀ ਗੁਰਪ੍ਰੀਤ ਸਿੰਘ ਹਾਂਡਾ ਸਮੇਤ ਹੋਰ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਮੋਬਾਈਲ ਟਾਵਰ ’ਤੇ ਚੜ੍ਹੀਆਂ ਲੜਕੀਆਂ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਪਰ ਖ਼ਬਰ ਲਿਖੇ ਜਾਣ ਤੱਕ ਮਾਮਲਾ ਜਿਉਂ ਦਾ ਤਿਉਂ ਬਣਿਆ ਹੋਇਆ ਸੀ।

Advertisement

Advertisement
Author Image

Advertisement
Advertisement
×