ਦੋ ਗੈਂਗਸਟਰ ਅਸਲੇ ਸਣੇ ਕਾਬੂ
ਧਿਆਨ ਸਿੰਘ ਭਗਤ
ਕਪੂਰਥਲਾ, 28 ਅਕਤੂਬਰ
ਪੁਲੀਸ ਨੇ ਕੌਸ਼ਲ ਚੌਧਰੀ ਗੈਂਗ ਦੇ ਦੋ ਗੈਂਗਸਟਰਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਇਹ ਦੋਵੇਂ ਮੁਲਜ਼ਮ ਬਹੁ-ਚਰਚਿਤ ਮਿਕ ਮੋਬਾਈਲ ਸ਼ੋਅ ਰੂਮ ਗੋਲੀਕਾਂਡ ਸ਼ੂਟਰ ਹਨ ਅਤੇ ਇਹ ਮਾਮਲਾ ਸੁਲਝਾ ਲਿਆ ਗਿਆ ਹੈ। ਐੱਸਐੱਸਪੀ ਕਪੂਰਥਲਾ ਵਤਸਲਾ ਗੁਪਤਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮਨੀਸ਼ ਉਰਫ ਮਨੀ ਤੇ ਲਲਿਤ ਕੁਮਾਰ ਵਾਸੀਆਨ ਦੂਧੋਲਾ, ਥਾਣਾ ਗਦਪੁਰੀ ਜ਼ਿਲ੍ਹਾ ਪਲਵਲ (ਹਰਿਆਣਾ) ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਦੋ ਦੇਸੀ ਪਿਸਤੌਲ ਅਤੇ ਸੱਤ ਕਾਰਤੂਸ ਵੀ ਬਰਾਮਦ ਹੋਏ ਹਨ। ਕਪੂਰਥਲਾ ਵਿੱਚ ਡੀਸੀ ਚੌਕ ਨੇੜੇ ਸਥਿਤ ਮਿਕ ਮੋਬਾਈਲ ਸ਼ੋਅ ਰੂਤ ’ਤੇ 7 ਅਕਤੂਬਰ ਨੂੰ ਸਵੇਰੇ ਕਰੀਬ 10 ਵਜੇ ਹਮਲਾਵਰ 15-20 ਗੋਲੀਆਂ ਚਲਾਉਂਦਿਆਂ ਪੰਜ ਕਰੋੜ ਰੁਪਏ ਦੀ ਫਿਰੌਤੀ ਦੇ ਪਰਚੇ ਸੁੱਟ ਕੇ ਫ਼ਰਾਰ ਹੋ ਗਏ ਸਨ। ਮੁਕੱਦਮੇ ਵਿੱਚ ਪਵਨ ਕੁਮਾਰ ਵਾਸੀ ਮੰਗੋਲਪੁਰ ਦਿੱਲੀ ਤੋਂ ਇਲਾਵਾ ਹਰਿਆਣੇ ਰਾਹੁਲ ਵਾਸੀ ਆਮਰੂ, ਕੌਸ਼ਲ ਚੌਧਰੀ ਵਾਸੀ ਪਿੰਡ ਨਾਹਰਪੁਰ ਰੂਪਾਂ, ਸੋਰਵ ਗੰਡੋਲੀ ਵਾਸੀ ਗਰੋਲੀ ਖੁਰਦ ਤੇ ਤਿੰਨ ਅਣਪਛਾਤਿਆਂ ਖਿਲਾਫ਼ 7 ਅਕਤੂਬਰ ਨੂੰ ਥਾਣਾ ਸਿਟੀ ਕਪੂਰਥਲਾ ’ਚ ਕੇਸ ਦਰਜ ਕੀਤਾ ਗਿਆ ਸੀ।