ਦੋ ਗੈਂਗਸਟਰ ਹਥਿਆਰਾਂ ਅਤੇ ਕਾਰ ਸਣੇ ਕਾਬੂ
ਮਹਿੰਦਰ ਸਿੰਘ ਰੱਤੀਆਂ
ਮੋਗਾ, 12 ਅਗਸਤ
ਇਥੇ ਸੀਆਈਏ ਸਟਾਫ਼ ਪੁਲੀਸ ਨੇ ਸੰਗਠਨ ਅਪਰਾਧਾਂ ’ਚ ਸ਼ਾਮਲ ਦੋ ਗੈਂਗਸਟਰਾਂ ਨੂੰ ਹਥਿਆਰਾਂ ਸਣੇ ਕਾਬੂ ਕਰ ਲਿਆ। ਥਾਣਾ ਕੋਟ ਈਸੇ ਖਾਂ ਪੁਲੀਸ ਨੇ ਸੱਤ ਦਿਨ ਪਹਿਲਾਂ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਐੱਸਐੱਸਪੀ ਡਾ.ਅੰਕੁਰ ਗੁਪਤਾ ਨੇ ਦੱਸਿਆ ਕਿ ਗ੍ਰਿਫ਼ਤਾਰ ਗੈਂਗਸਟਰਾਂ ਜਸਪਾਲ ਸਿੰਘ ਉਰਫ਼ ਜੱਸਾ ਵਾਸੀ ਫਿਰੋਜ਼ਪੁਰ ਅਤੇ ਸੁੱਚਾ ਸਿੰਘ ਉਰਫ਼ ਸ਼ਨੀ ਵਾਸੀ ਫ਼ਤ੍ਵਿਹਗੜ੍ਹ ਪੰਜਤੂਰ ਤੇ ਉਨ੍ਹਾਂ ਦੇ ਸਾਥੀਆਂ ਸਚਿਨ ਉਰਫ਼ ਭੱਟੀ ਪਿੰਡ ਕੁੰਡੇ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਗੌਤਮ ਕੁਮਾਰ ਉਰਫ਼ ਗੋਪਾ ਵਾਸੀ ਕੋਟ ਈਸੇ ਖਾਂ ਨੂੰ ਐੱਸਪੀ ਡੀ ਬਾਲ ਕ੍ਰਿਸ਼ਨ ਸਿੰਗਲਾ ਤੇ ਸੀਆਈਏ ਸਟਾਫ਼ ਇੰਸਪੈਕਟਰ ਦਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗੁਪਤ ਸੂਚਨਾ ’ਤੇ ਥਾਣਾ ਸਦਰ ਅਧੀਨ ਪਿੰਡ ਖੁਖਰਾਣਾ ਦੀ ਅਨਾਜ ਮੰਡੀ ’ਚ ਕਿਸੇ ਵਾਰਦਾਤ ਦੀ ਯੋਜਨਾ ਬਣਾਉਂਦੇ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 3 ਪਿਸਤੌਲ, ਦੋ ਦੇਸੀ ਕੱਟੇ ਤੇ ਹੋਰ ਗੋਲੀ ਸਿੱਕਾ ਤੋਂ ਇਲਾਵਾ ਕਾਰ ਬਰਾਮਦ ਕੀਤੀ ਗਈ ਹੈ। ਅਦਾਲਤ ਨੇ ਚਾਰੇ ਮੁਲਜ਼ਮਾਂ ਨੂੰ ਇਕ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਡੀਐੱਸਪੀ ਧਰਮਕੋਟ ਅਮਰਜੀਤ ਸਿੰਘ ਤੇ ਥਾਣਾ ਕੋਟ ਈਸੇ ਖਾਂ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਪਿੰਡ ਖੋਸਾ ਰਣਧੀਰ ਵਿੱਚ ਬੀਤੀ 5 ਅਗਸਤ ਨੂੰ ਬਜ਼ੁਰਗ ਔਰਤ ਮਹਿੰਦਰ ਕੌਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸਤਨਾਮ ਸਿੰਘ ਦੇ ਉਸ ਦੀ ਭੂਆ ਮ੍ਰਿਤਕ ਮਹਿੰਦਰ ਕੌਰ ਦੀ ਨੂੰਹ ਮਨਪ੍ਰੀਤ ਕੌਰ ਨਾਲ ਨਾਜਾਇਜ਼ ਸਬੰਧ ਸਨ। ਮ੍ਰਿਤਕਾ ਮਹਿੰਦਰ ਕੌਰ ਦੋਵਾਂ ਮੁਲਜ਼ਮਾਂ ਨੂੰ ਵਰਜ਼ਦੀ ਸੀ ਤੇ ਮੁਲਜ਼ਮ ਸਤਨਾਮ ਸਿੰਘ ਨੇ ਆਪਣੀ ਭੂਆ ਨੂੰ ਰਸਤੇ ਵਿਚੋਂ ਹਟਾਉਣ ਲਈ ਉਸ ਦਾ ਕਤਲ ਕਰ ਦਿੱਤਾ ਸੀ।